
ਚਾਰਾ ਘਪਲੇ ’ਚ ਜ਼ਮਾਨਤ ਪਟੀਸ਼ਨ ’ਤੇ ਲਾਲੂ ਦੀ ਬਹਿਸ ਪੂਰੀ, 22 ਅਪ੍ਰੈਲ ਨੂੰ ਸੀਬੀਆਈ ਦੇਵੇਗੀ ਜਵਾਬ
ਰਾਂਚੀ, 8 ਅਪ੍ਰੈਲ : ਚਾਰਾ ਘਪਲੇ ’ਚ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ਪਟੀਸ਼ਨ ’ਤੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਵਕੀਲ ਕਪਿਲ ਸਿੱਬਲ ਨੇ ਅਪਣੀ ਬਹਿਸ ਪੂਰੀ ਕੀਤੀ। ਸਿੱਬਲ ਨੇ ਦਾਅਵਾ ਕੀਤਾ ਕਿ ਡੋਰਾਂਡਾ ਖਜਾਨੇ ਤੋਂ ਗ਼ਬਨ ਕਰਨ ਦੇ ਮਾਮਲੇ ’ਚ ਉਨ੍ਹਾਂ ਨੂੰ ਮਿਲੀ ਪੰਜ ਸਾਲ ਦੀ ਸਜ਼ਾ ਵਿਚੋਂ ਅੱਧੇ ਤੋਂ ਵਧ ਸਮਾਂ ਲਾਲੂ ਯਾਦਵ ਜੇਲ ਵਿਚ ਕੱਟ ਚੁਕੇ ਹਨ, ਇਸ ਲਿਹਾਜ ਨਾਲ ਉਨ੍ਹਾਂ ਜਮਾਨਤ ਦਿਤੀ ਜਾਣੀ ਚਾਹੀਦੀ ਹੈ।
ਇਸ ਤੋਂ ਬਾਅਦ ਸੀਬੀਆਈ ਨੇ ਅਪਣਾ ਜਵਾਬ ਦੇਣ ਲਈ ਸਮਾਂ ਮੰਗਿਆ ਅਤੇ ਅਦਾਲਤ ਨੇ ਅਗਲੀ ਸੁਣਵਾਈ ਲਈ 22 ਅਪ੍ਰੈਲ ਦੀ ਤਾਰੀਖ਼ ਤੈਅ ਕਰ ਦਿਤੀ। ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ’ਤੇ ਸ਼ੁਕਰਵਾਰ ਨੂੰ ਝਾਰਖੰਡ ਹਾਈ ਕੋਰਟ ਦੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ’ਚ ਸੁਣਵਾਈ ਹੋਈ। ਅਪਰੇਸ਼ ਕੁਮਾਰ ਸਿੰਘ ਦੇ ਬੈਂਚ ਅੱਗੇ ਸੁਣਵਾਈ ਲਈ ਇਹ ਮਾਮਲਾ ਸੁਕਰਵਾਰ ਨੂੰ ਸੂਚੀਬੱਧ ਕੀਤਾ ਗਿਆ ਸੀ। ਲਾਲੂ ਦੀ ਜਮਾਨਤ ’ਤੇ ਸੁਣਵਾਈ 1 ਅਪ੍ਰੈਲ ਨੂੰ ਨਹੀਂ ਹੋ ਸਕੀ ਸੀ ਕਿਉਂਕਿ ਜੱਜ ਅਦਾਲਤ ’ਚ ਨਹੀਂ ਸਨ ਅਤੇ ਸੁਣਵਾਈ ਮੁਲਤਵੀ ਕਰ ਦਿਤੀ ਗਈ ਸੀ। (ਏਜੰਸੀ)