
ਟੈਕਸ ਕੁਲੈਕਸ਼ਨ 2021-22 ’ਚ 34 ਫ਼ੀ ਸਦੀ ਵਧ ਕੇ 27.07 ਲੱਖ ਕਰੋੜ ਰੁਪਏ ’ਤੇ ਪਹੁੰਚਿਆ
ਨਵੀਂ ਦਿੱਲੀ, 8 ਅਪ੍ਰੈਲ : ਦੇਸ਼ ’ਚ ਕੁਲ ਟੈਕਸ ਕੁਲੈਕਸ਼ਨ ਬੀਤੇ ਵਿੱਤੀ ਸਾਲ 2021-22 ਵਿਚ 34 ਫ਼ੀ ਸਦੀ ਵਧ ਕੇ ਰਿਕਾਰਡ 27.07 ਲੱਖ ਕਰੋੜ ਰੁਪਏ ਰਿਹਾ। ਸਿੱਧੇ ਅਤੇ ਅਸਿੱਧੇ ਟੈਕਸ ਕੁਲੈਕਸ਼ਨ ’ਚ ਵਾਧੇ ਨਾਲ ਕੁਲ ਕੁਲੈਕਸ਼ਨ ਵਧਿਆ ਹੈ। ਇਸ ਨਾਲ ਟੈਕਸ-ਜੀਡੀਪੀ ਅਨੁਪਾਤ 23 ਸਾਲ ਦੇ ਉਚ ਪੱਧਰ ’ਤੇ ਪਹੁੰਚ ਗਿਆ। ਮਾਲੀਆ ਸਕੱਤਰ ਤਰੁਣ ਬਜਾਜ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਟੈਕਸ-ਜੀਡੀਪੀ ਅਨੁਪਾਤ ਵਧ ਕੇ 11.7 ਫ਼ੀ ਸਦੀ ’ਤੇ ਪਹੁੰਚ ਗਿਆ। ਇਹ 1999 ਦੇ ਬਾਅਦ ਸੱਭ ਤੋਂ ਵਧ ਹੈ। ਇਹ ਅਨੁਪਾਤ 2020-21 ’ਚ 10.3 ਫ਼ੀ ਸਦੀ ਸੀ। ਉਨ੍ਹਾਂ ਕਿਹਾ ਕਿ ਜੀਡੀਪੀ ’ਚ ਤਬਦੀਲੀ ਅਤੇ ਸਰਕਾਰ ਦੇ ਮਾਲੀਏ ’ਚ ਵਾਧਾ ਵਿਚ ਤਬਦੀਲੀ(ਟੈਕਸ ਬਾਇਓਂਸੀ) ਕਰੀਬ ਦੋ ਰਿਹਾ ਹੈ। ਯਾਨੀ ਟੈਕਸ ਕੁਲੈਕਸ਼ਨ ’ਚ ਵਾਧਾ ਬਾਜ਼ਾਰ ਮੁੱਲ ’ਤੇ ਜੀਡੀਪੀ ਵਾਧਾ ਦਰ ਦੇ ਮੁਕਾਬਲੇ ਦੁਗਣੀ ਰਹੀ ਹੈ।
ਬਜਾਜ ਨੇ ਪੱਤਰਕਾਰਾਂ ਨੂੰ ਕਿਹਾ, ‘‘ਕਈ ਤਕਨੀਕਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜੀਐਸਟੀ ਅੰਕੜਿਆਂ ਦਾ ਮਿਲਾਨ ਆਮਦਨ ਟੈਕਸ ਅੰਕੜਿਆਂ ਨਾਲ ਕੀਤਾ ਜਾ ਰਿਹਾ ਹੈ ਅਤੇ ਅਨੁਪਾਲਨ ਯਕੀਨੀ ਕੀਤਾ ਜਾ ਰਿਹਾ ਹੈ। ਇਸ ਕਾਰਨ ਬਿਹਤਰ ਅਨੁਪਾਲਨ ਅਤੇ ਸਿੱਧੇ ਅਤੇ ਅਸਿੱਧੇ ਦੋਨਾਂ ਮੋਰਚਿਆਂ ’ਤੇ ਬਿਹਤਰ ਮਾਲੀਆ ਯਕੀਨੀ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਜੀਡੀਪੀ ਟੈਕਸ ਕੁਲੈਕਸ਼ਨ ਅਪ੍ਰੈਲ 2021 ਤੋਂ ਮਾਰਚ 2022 ’ਚ 27.07 ਲੱਖ ਕਰੋੜ ਰੁਪਏ ਰਿਹਾ। ਇਹ ਬਜਟ ’ਚ ਜਤਾਏ ਗਏ 22.17 ਲੱਖ ਕਰੋੜ ਰੁਪਏ ਦੇ ਅਨੁਮਾਨ ਤੋਂ 5 ਲੱਖ ਕਰੋੜ ਰੁਪਏ ਜ਼ਿਆਦਾ ਹੈ। ਕੁਲ ਟੈਕਸ ਕੁਲੈਕਸ਼ਨ 2021-22 ’ਚ ਇਸ ਤੋਂ ਪਿਛਲੇ ਵਿੱਤੀ ਸਾਲ ਦੇ 20.27 ਲੱਖ ਕਰੋੜ ਰੁਪਏ ਦੇ ਮੁਕਾਬਲੇ 34 ਫ਼ੀ ਸਦੀ ਵਧ ਹੈ। (ਏਜੰਸੀ)