
ਵਰੁਣ ਜੈਨ ਨਾਲ ਹਾਊਸਿੰਗ ਬੋਰਡ ਕੋਟੇ ਦਾ ਫਲੈਟ ਦਿਵਾਉਣ ਦੇ ਨਾਂਅ 'ਤੇ 60 ਲੱਖ ਰੁਪਏ ਦੀ ਠੱਗੀ ਦੇ ਇਲਜ਼ਾਮ
Punjab News: ਸਮਾਜ ਸੇਵੀ ਅਤੇ ਕਾਂਗਰਸ ਆਗੂ ਰਹਿ ਚੁੱਕੀ ਮਨਜੀਤ ਕੌਰ ਨੂੰ ਧੋਖਾਧੜੀ ਦੇ ਮਾਮਲੇ 'ਚ ਮੁੜ ਗ੍ਰਿਫਤਾਰ ਕੀਤਾ ਗਿਆ ਹੈ। ਮਨਜੀਤ ਕੌਰ ਚੰਡੀਗੜ੍ਹ ਅਤੇ ਮੁਹਾਲੀ 'ਚ ਕਰੀਬ 30 ਮਾਮਲਿਆਂ 'ਚ ਮੁਲਜ਼ਮ ਹੈ ਜਦਕਿ ਉਹ 4 ਮਾਮਲਿਆਂ 'ਚ ਫਰਾਰ ਅਤੇ 7 ਮਾਮਲਿਆਂ 'ਚ ਉਸ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਮਨਜੀਤ ਕੌਰ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹਨ ਕਿ ਵਰੁਣ ਜੈਨ ਨਾਲ ਸੈਕਟਰ 38 ਵਿਚ ਹਾਊਸਿੰਗ ਬੋਰਡ ਕੋਟੇ ਦਾ ਫਲੈਟ ਦਿਵਾਉਣ ਦੇ ਨਾਂਅ 'ਤੇ 60 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਇਸ ਮਾਮਲੇ ਵਿਚ ਮਨਜੀਤ ਕੌਰ ਤੋਂ ਇਲਾਵਾ ਉਸ ਦੀ ਨੂੰਹ ਅਤੇ 2 ਪ੍ਰਾਪਰਟੀ ਡੀਲਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਮਨਜੀਤ ਕੌਰ ਦੀ ਨੂੰਹ ਮੌਲਿਕਾ ਫਰਾਰ ਦੱਸੀ ਜਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨਜੀਤ ਕੌਰ ਨੂੰ ਚੰਡੀਗੜ੍ਹ ਵਿਚ 12 ਕੇਸਾਂ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਸ ਨੇ ਅਪਣੀ ਵਧਦੀ ਉਮਰ, ਬੀਮਾਰ ਪਤੀ ਅਤੇ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿਚ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਸਵਿਕਾਰ ਕਰ ਲਿਆ ਗਿਆ। ਮਨਜੀਤ ਕੌਰ ਵਿਰੁਧ ਮੁਹਾਲੀ ਵਿਚ ਦਰਜ ਧੋਖਾਧੜੀ ਦੇ ਦਰਜਨਾਂ ਕੇਸਾਂ ਵਿਚੋਂ 4 ਕੇਸਾਂ ਵਿਚ ਭਗੌੜਾ ਕਰਾਰ ਦਿਤਾ ਜਾ ਚੁੱਕਾ ਹੈ| ਦਸਿਆ ਜਾ ਰਿਹਾ ਮਨਜੀਤ ਕੌਰ ਹੁਣ ਤਕ ਸਾਹਮਣੇ ਆਏ ਮਾਮਲਿਆਂ ਵਿਚ ਕਰੀਬ 30 ਕਰੋੜ ਰੁਪਏ ਦੀ ਧੋਖਾਧੜੀ ਕਰ ਚੁੱਕੀ ਹੈ, ਜਿਸ ਦਾ ਨਾਂ ਹਵਾਲਾ ਕਾਰੋਬਾਰ 'ਚ ਜੋੜ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਕਾਰਵਾਈ ਕਰ ਰਹੀ ਹੈ ਅਤੇ ਮਨਜੀਤ ਕੌਰ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਚੁੱਕੀ ਹੈ।
ਪੀੜਤ ਮਦਨ ਗੋਪਾਲ ਗੁਪਤਾ ਨੇ ਦਸਿਆ ਕਿ ਸਾਲ 2019 'ਚ ਉਹ ਸੈਕਟਰ-51 ਸਥਿਤ ਨੀਲਕੰਠ ਮਹਾਦੇਵ ਮੰਦਰ 'ਚ ਮਨਜੀਤ ਕੌਰ ਨੂੰ ਮਿਲਿਆ ਸੀ। ਉਹ ਉਥੇ ਇਕ ਵਰਕਸ਼ਾਪ ਵਿਚ ਹਿੱਸਾ ਲੈਣ ਗਿਆ ਸੀ। ਉਹ ਸੈਕਟਰ 51 ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (RWA) ਦੀ ਪ੍ਰਧਾਨ ਰਹਿ ਚੁੱਕੀ ਹੈ। ਮਨਜੀਤ ਕੌਰ ਨੇ ਇਸ ਕਲੋਨੀ ਵਿਚ ਰਹਿ ਰਹੇ 150 ਤੋਂ ਵੱਧ ਲੋਕਾਂ ਨੂੰ ਮੁੜ ਵਸੇਬਾ ਸਕੀਮ ਤਹਿਤ ਮਕਾਨ ਦਿਵਾਉਣ ਦੇ ਨਾਂ ’ਤੇ ਇਹ ਧੋਖਾਧੜੀ ਕੀਤੀ ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਉਸ ਨੂੰ ਇਸ ਮੰਦਰ 'ਚ ਮਿਲੇ ਸਨ। ਉਹ ਇਸ ਮੰਦਰ ਦੀ ਸੰਚਾਲਨ ਕਮੇਟੀ ਦੀ ਮੁਖੀ ਵੀ ਰਹਿ ਚੁੱਕੀ ਹੈ। ਉਸ ਸਮੇਂ ਦਿਖਾਵਾ ਕਰਨ ਲਈ ਉਹ ਗਰੀਬ ਲੜਕੀਆਂ ਦੇ ਵਿਆਹ, ਬੱਚਿਆਂ ਦੀ ਪੜ੍ਹਾਈ ਵਿਚ ਮਦਦ ਅਤੇ ਮੰਦਰ ਵਿਚ ਗਰੀਬਾਂ ਨੂੰ ਕੰਮ ਦਿਵਾਉਣ ਵਰਗੇ ਕੰਮ ਕਰਦੀ ਸੀ।