
ਗੁਰਪ੍ਰੀਤ ਸਿੰਘ ਨੇ 650 'ਚੋਂ 637 ਅੰਕ ਹਾਸਲ ਕੀਤੇ
ਐਸ.ਏ.ਐਸ. ਨਗਰ, 8 ਮਈ (ਸੁਖਦੀਪ ਸਿੰਘ ਸੋਈਂ) : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅੱਜ ਦਸਵੀਂ ਕਲਾਸ ਦਾ ਨਤੀਜਾ ਐਲਾਨ ਦਿਤਾ ਗਿਆ । ਬੋਰਡ ਵਲੋਂ ਜਾਰੀ ਇਸ ਨਤੀਜੇ ਵਿਚ ਲੁਧਿਆਣਾ ਦਾ ਗੁਰਪ੍ਰੀਤ ਸਿੰਘ ਪਹਿਲੇ ਸਥਾਨ 'ਤੇ ਰਿਹਾ ਹੈ ਜਿਸ ਨੇ 650 ਵਿਚੋਂ 637 ਅੰਕ ਹਾਸਲ ਕੀਤੇ ਹਨ। ਕਪੂਰਥਲਾ ਦੀ ਜਸਮੀਨ ਕੌਰ ਦੂਜੇ ਅਤੇ ਫ਼ਤਿਹਗੜ੍ਹ ਸਾਹਿਬ ਦੀ ਪੁਨੀਤ ਕੌਰ ਤੀਜੇ ਸਥਾਨ 'ਤੇ ਰਹੀ। ਇਸ ਪ੍ਰੀਖਿਆ ਵਿਚ ਕੁਲ 3,68,295 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਤੇ ਉਨ੍ਹਾਂ ਵਿਚੋਂ 2,19,035 ਪਾਸ ਹੋਏ ਹਨ ਅਤੇ ਪਾਸ ਫ਼ੀ ਸਦੀ 59.47 ਫ਼ੀ ਸਦੀ ਬਣਦੀ ਹੈ ਜਦਕਿ ਸਾਲ 2016 ਵਿਚ 72.25 ਸੀ ਅਤੇ 2017 ਵਿਚ 57.50 ਸੀ ਅਤੇ ਹੁਣ 2018 ਵਿਚ 59.47 ਫ਼ੀ ਸਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੀ 2017 ਵਿਚ 10ਵੀਂ ਜਮਾਤ ਦੀ ਪਾਸ ਫ਼ੀ ਸਦੀ 52.80 ਸੀ ਜਦਕਿ ਹੁਣ ਇਹ ਵੱਧ ਕੇ 58.14 ਫ਼ੀ ਸਦੀ ਹੋ ਗਈ ਹੈ। 2017 ਵਿਚ ਐਸ.ਏ.ਐਸ. ਨਗਰ ਜ਼ਿਲ੍ਹੇ ਦੇ 2 ਵਿਦਿਆਰਥੀ ਮੈਰਿਟ ਸੂਚੀ ਵਿਚ ਸਨ ਜਦਕਿ ਇਸ ਵਾਰ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਕੋਈ ਵੀ ਵਿਦਿਆਰਥੀ ਬੋਰਡ ਦੀ ਮੈਰਿਟ ਸੂਚੀ ਵਿਚ ਅਪਣਾ ਨਾਂ ਦਰਜ ਨਹੀਂ ਕਰਵਾ ਸਕਿਆ।
PSEB
ਪੰਜਾਬ ਸਕੂਲ ਬੋਰਡ ਵਲੋਂ ਐਲਾਨੇ ਨਤੀਜੇ ਵਿਚ ਇਸ ਵਾਰ ਮੈਰਿਟ ਸੂਚੀ ਵਿਚ ਪਹਿਲੇ ਨੰਬਰ 'ਤੇ ਭਾਵੇਂ ਮੁੰਡਿਆਂ ਦੀ ਸਰਦਾਰੀ ਹੈ ਪਰ ਜੇਕਰ ਕੁਲ ਪਾਸ ਪ੍ਰਤੀਸ਼ਤਤਾ ਵੇਖੀ ਜਾਵੇ ਤਾਂ ਇਸ ਵਾਰ ਕੁੜੀਆਂ ਨੇ ਅਪਣੀ ਸਰਦਾਰੀ ਕਾਇਮ ਕਰਦਿਆਂ ਪਾਸ ਪ੍ਰਤੀਸ਼ਤਤਾ 70.43 ਹੈ ਅਤੇ ਮੁੰਡਿਆਂ ਦੀ 55.48 ਹੈ। ਜੇਕਰ ਸ਼ਹਿਰੀ ਖੇਤਰ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਸ਼ਹਿਰੀ ਖੇਤਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 63.85 ਬਣਦੀ ਹੈ ਅਤੇ ਪੇਂਡੂ ਖੇਤਰ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 61.22 ਹੈ। ਇਸੇ ਤਰ੍ਹਾਂ ਮਾਨਤਾ ਪ੍ਰਾਪਤ ਅਤੇ ਆਦਰਸ਼ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀ ਸਦੀ 72.66 ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀ ਸਦੀ 58.14 ਹੈ ਜਦਕਿ 2017 ਵਿਚ ਇਹ ਪਾਸ ਫ਼ੀ ਸਦੀ 52.80 ਸੀ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀ ਸਦੀ 51.60 ਬਣਦੀ ਹੈ।
ਜੇਕਰ ਗੱਲ ਜ਼ਿਲ੍ਹਾਵਾਰ ਮੈਰਿਟ ਵਿਚ ਸ਼ਾਮਲ ਹੋਏ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਜ਼ਿਲ੍ਹੇ ਦੇ ਸੱਭ ਤੋਂ ਵਧੇਰੇ ਵਿਦਿਆਰਥੀ ਮੈਰਿਟ ਵਿਚ ਹਨ ਜਿਨ੍ਹਾਂ ਦੀ ਗਿਣਤੀ 94 ਬਣਦੀ ਹੈ ਅਤੇ ਇਸ ਤੋਂ ਬਾਅਦ ਪਟਿਆਲਾ ਦੇ 42, ਹੁਸ਼ਿਆਰਪੁਰ ਦੇ 32, ਸੰਗਰੂਰ ਦੇ 31, ਜਲੰਧਰ ਦੇ 30, ਅੰਮ੍ਰਿਤਸਰ ਦੇ 18, ਮਾਨਸਾ ਦੇ 18, ਬਰਨਾਲਾ ਦੇ 17, ਮੋਗਾ ਦੇ 17, ਫ਼ਾਜ਼ਿਲਕਾ ਦੇ 15, ਗੁਰਦਾਸਪੁਰ ਦੇ 15, ਐਸ.ਬੀ.ਐਸ. ਨਗਰ ਦੇ 15, ਸ੍ਰੀ ਮੁਕਤਸਰ ਸਾਹਿਬ ਦੇ 11, ਬਠਿੰਡਾ ਦੇ 10, ਫ਼ਤਿਹਗੜ੍ਹ ਸਾਹਿਬ 10, ਕਪੂਰਥਲਾ ਦੇ 8, ਪਠਾਨਕੋਟ ਦੇ 6, ਫ਼ਿਰੋਜ਼ਪੁਰ ਦੇ 5, ਫ਼ਰੀਦਕੋਟ ਦੇ 4, ਤਰਨ ਤਾਰਨ ਦੇ 3 ਜਦਕਿ ਰੂਪਨਗਰ ਅਤੇ ਐਸ.ਏ.ਐਸ. ਨਗਰ ਤੋਂ ਕੋਈ ਵੀ ਵਿਦਿਆਰਥੀ ਬੋਰਡ ਦੀ ਮੈਰਿਟ ਸੂਚੀ ਵਿਚ ਅਪਣਾ ਨਾਮ ਦਰਜ ਨਹੀਂ ਕਰਵਾ ਸਕਿਆ।ਦਸਵੀਂ ਦੀ ਪ੍ਰੀਖਿਆ ਦੇ ਖੇਡ ਕੋਟੇ ਵਿਚ ਗੁਰਦਾਸਪੁਰ ਦੀ ਸ੍ਰੇਆ 98.62 ਫ਼ੀ ਸਦੀ ਨੰਬਰ ਲੈ ਕੇ ਪਹਿਲੇ, ਗੁਰਦਾਸਪੁਰ ਦੀ ਹੀ ਡੋਲੀ 97.69 ਨੰਬਰ ਲੈ ਕੇ ਦੂਜੇ ਅਤੇ ਲੁਧਿਆਣਾ ਦੀ ਅਮਨਪ੍ਰੀਤ ਕੌਰ 97.38 ਫ਼ੀ ਸਦੀ ਨੰਬਰ ਲੈ ਕੇ ਤੀਜੇ ਸਥਾਨ ਉਪਰ ਰਹੀਆਂ ਹਨ । ਵਿਦਿਆਰਥੀ ਇਸ ਨਤੀਜੇ ਨੂੰ ਬੋਰਡ ਦੀ ਵੈੱਬਸਾਈਟ ਉਪਰ ਵੀ ਦੇਖ ਸਕਦੇ ਹਨ।