
ਗੁਰਦਾਸਪੁਰ ਦੀ ਰੁਕਮਣੀ ਨੇ ਬਗ਼ੈਰ ਕੋਚਿੰਗ ਯੂ.ਪੀ.ਐਸ.ਸੀ 'ਚ ਹਾਸਲ ਕੀਤਾ ਦੂਜਾ ਰੈਂਕ
ਚੰਡੀਗੜ੍ਹ, 9 ਮਈ (ਸਪੋਕਸਮੈਨ ਸਮਾਚਾਰ ਸੇਵਾ) : ਜਿਥੇ ਜ਼ਿਆਦਾਤਰ ਨੌਜਵਾਨ ਫ਼ੇਲ ਹੋਣ ਤੋਂ ਬਾਅਦ ਨਿਰਾਸ਼ ਹੋ ਜਾਂਦੇ ਹਨ ਉਥੇ ਹੀ ਪੰਜਾਬ ਦੀ ਰੁਕਮਣੀ ਰਿਆੜ ਨੇ ਅਪਣੀ ਅਸਫ਼ਲਤਾ ਤੋਂ ਸਬਕ ਲੈ ਕੇ ਜ਼ਿੰਦਗੀ 'ਚ ਕੜੀ ਮਿਹਨਤ ਕੀਤੀ ਅਤੇ ਯੂ.ਪੀ.ਐਸ.ਸੀ ਸਿਵਲ ਸੇਵਾ ਵਰਗੇ ਮੁਸ਼ਕਲ ਪੇਪਰ ਨੂੰ ਪਾਸ ਕਰ ਕੇ ਆਈ.ਏ.ਐਸ ਬਣੀ।
ਰੁਕਮਣੀ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਹੋਇਆ। ਉਨ੍ਹਾਂ ਦੇ ਪਿਤਾ ਬਲਜਿੰਦਰ ਸਿੰਘ ਰਿਆੜ ਇਕ ਸੇਵਾ ਮੁਕਤ ਡਿਪਟੀ ਜ਼ਿਲ੍ਹਾ ਅਟਾਰਨੀ ਹਨ ਅਤੇ ਮਾਂ ਤਕਦੀਰ ਕੌਰ ਇਕ ਘਰੇਲੂ ਮਹਿਲਾ ਹੈ। ਰੁਕਮਣੀ ਨੇ ਅਪਣੀ ਸਕੂਲ ਦੀ ਪੜ੍ਹਾਈ ਦੇ ਪਹਿਲੇ ਕੁੱਝ ਸਾਲ ਗੁਰਦਾਸਪੁਰ 'ਚ ਹੀ ਪੂਰੇ ਕੀਤੇ ਜਿਸ ਦੇ ਬਾਅਦ ਉਨ੍ਹਾਂ ਨੂੰ ਚੌਥੀ ਜਮਾਤ ਵਿਚ ਬੋਰਡਿੰਗ ਸਕੂਲ ਭੇਜ ਦਿਤਾ ਗਿਆ।
6ਵੀਂ ਜਮਾਤ 'ਚ ਫ਼ੇਲ ਹੋਣ ਤੋਂ ਬਾਅਦ ਹੋਈ ਸੀ ਨਿਰਾਸ਼ : ਚੌਥੀ ਜਮਾਤ 'ਚ ਅਚਾਨਕ ਬੋਰਡਿੰਗ ਸਕੂਲ ਜਾਣ ਕਾਰਨ ਰੁਕਮਣੀ ਬਹੁਤ ਪ੍ਰਭਾਵਤ ਹੋਈ। ਇਸ ਨਵੇਂ ਮਾਹੌਲ ਦੇ ਅਨੁਕੂਲ ਹੋਣ ਵਿਚ ਉਸ ਨੂੰ ਕਾਫੀ ਸਮਾਂ ਲਗਿਆ। ਅਚਾਨਕ ਹੋਈ ਤਬਦੀਲੀ ਕਾਰਨ ਰੁਕਮਣੀ 6ਵੀਂ ਜਮਾਤ ਵਿਚ ਫ਼ੇਲ ਹੋ ਗਈ। ਉਹ ਦਸਦੀ ਹੈ ਕਿ ਫ਼ੇਲ ਹੋਣ ਤੋਂ ਬਾਅਦ ਉਹ ਇੰਨੀ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ ਕਿ ਉਸ ਨੇ ਅਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਨਾਲ ਗੱਲ ਕਰਨੀ ਵੀ ਬੰਦ ਕਰ ਦਿਤੀ ਪਰ ਉਸ ਨੇ ਅਪਣੀ ਇਸ ਅਸਫ਼ਲਤਾ ਤੋਂ ਸਬਕ ਲਿਆ। ਉਹ ਨਿਰਾਸ਼ ਹੋ ਕੇ ਨਹੀਂ ਬੈਠੀ, ਬਲਕਿ ਇਸ ਤੋਂ ਸਿਖਿਆ ਲੈ ਕੇ ਜ਼ਿੰਦਗੀ 'ਚ ਅੱਗੇ ਵੱਧੀ।
1
ਐਨ.ਜੀ.ਓ. ਤੋਂ ਮਿਲੀ ਆਈ.ਏ.ਐਸ ਬਣਨ ਦੀ ਪ੍ਰੇਰਣਾ : ਰੁਕਮਣੀ ਨੇ ਅਪਣੀ ਅਸਫ਼ਲਤਾਵਾਂ ਤੋਂ ਸਬਕ ਲਿਆ ਅਤੇ ਜ਼ਿੰਦਗੀ 'ਚ ਅੱਗੇ ਵਧਦੀ ਰਹੀ। ਉਨ੍ਹਾਂ ਨੇ ਟਾਟਾ ਇੰਸਟੀਚਿਯੂਟ ਆਫ਼ ਸੋਸ਼ਲ ਸਾਇੰਸ ਤੋਂ ਮਾਸਟਰਜ਼ ਡਿਗਰੀ ਹਾਸਲ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਕਈ ਐਨ.ਜੀ.ਓ. ਨਾਲ ਜੁੜ ਕੇ ਦੇਸ਼ ਦੇ ਵਿਕਾਸ ਲਈ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਕਿ ਕੁੱਝ ਤਬਦੀਲੀਆਂ ਲਿਆਉਣ ਲਈ ਜ਼ਮੀਨੀ ਪੱਧਰ 'ਤੇ ਤਬਦੀਲੀ ਲਿਆਉਣ ਦੀ ਲੋੜ ਹੈ। ਇਸ ਨਾਲ ਉਨ੍ਹਾਂ ਨੂੰ ਆਈ.ਏ.ਐਸ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲੀ।
ਪਹਿਲੀ ਹੀ ਕੋਸ਼ਿਸ਼ 'ਚ ਪਾਸ ਕੀਤੀ ਯੂ.ਪੀ.ਐਸ.ਸੀ ਦੀ ਪ੍ਰੀਖਿਆ : ਜਿਸ ਪ੍ਰੀਖਿਆ ਨੂੰ ਪਾਸ ਕਰਨ ਲਈ ਲੋਕ ਕਈ ਸਾਲ ਮਿਹਨਤ ਕਰਦੇ ਹਨ ਅਤੇ ਕੋਚਿੰਗ ਦਾ ਸਹਾਰਾ ਲੈਂਦੇ ਹਨ, ਉਸ ਪ੍ਰੀਖਿਆ ਨੂੰ ਰੁਕਮਣੀ ਨੇ ਬਿਨਾਂ ਕਿਸੇ ਕੋਚਿੰਗ ਦੀ ਮਦਦ ਨਾਲ ਅਪਣੀ ਪਹਿਲੀ ਹੀ ਕੋਸ਼ਿਸ 'ਚ ਪਾਸ ਕਰ ਲਿਆ। ਇਹ ਹੀ ਨਹੀਂ ਉਨ੍ਹਾਂ ਨੇ ਯੂ.ਪੀ.ਐਸ.ਸੀ (ਆਈ. ਏ. ਐਸ.) 2011 ਦੀ ਪ੍ਰੀਖਿਆ 'ਚ ਦੂਜਾ ਰੈਂਕ ਹਾਸਲ ਕੀਤਾ।
ਰੁਕਮਣੀ ਨੇ ਅਪਣੀ ਲਗਨ ਤੇ ਮਿਹਨਤ ਨਾਲ ਇਹ ਸਾਬਤ ਕਰ ਦਿਤਾ ਕਿ ਜੇਕਰ ਤੁਹਾਡੇ ਅੰਦਰ ਹੁਨਰ ਹੈ ਤਾਂ ਤੁਸੀਂ ਅਪਣੇ ਆਤਮ ਵਿਸ਼ਵਾਸ਼ ਨਾਲ ਕਿਸੇ ਵੀ ਉਚਾਈ ਨੂੰ ਛੂਹ ਸਕਦੇ ਹੋ। ਰੁਕਮਣੀ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਡੀ.ਐਮ ਦੇ ਅਹੁਦੇ 'ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਸਿਹਾਗ ਰਾਜਸਥਾਨ ਦੇ ਝਾਲਾਵਾਰ ਜ਼ਿਲ੍ਹੇ 'ਚ ਡੀ.ਐਮ ਵਜੋਂ ਅਪਣੀ ਸੇਵਾ ਦੇ ਰਹੇ ਹਨ।