
ਕੇਜਰੀਵਾਲ ਵਲੋਂ ਕੇਂਦਰ ਸਰਕਾਰ ਤੋਂ ਦਿੱਲੀ ਲਈ 3 ਕਰੋੜ ਖ਼ੁਰਾਕਾਂ ਦੀ ਮੰਗ
ਟੀਕਾਕਰਨ ਨਾਲ ਹੀ ਤੀਜੀ ਲਹਿਰ ਦਾ ਮੁਕਾਬਲਾ ਹੋ ਸਕੇਗਾ
ਨਵੀਂ ਦਿੱਲੀ, 8 ਮਈ (ਅਮਨਦੀਪ ਸਿੰਘ) : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਕੋਲ ਸਿਰਫ਼ 5-6 ਦਿਨ ਲਈ ਹੀ ਕਰੋਨਾ ਦੇ ਟੀਕੇ ਬਾਕੀ ਰਹਿ ਗਏ ਹਨ, ਇਸ ਲਈ ਛੇਤੀ ਦਿੱਲੀ ਨੂੰ ਕਰੋਨਾ ਟੀਕੇ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸਿਰਫ਼ ਟੀਕਾਕਰਨ ਨਾਲ ਹੀ ਕਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਅੱਜ ਆਨਲਾਈਨ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, “ਹਰ ਮਹੀਨੇ ਦਿੱਲੀ ਨੂੰ 80 ਤੋਂ 85 ਲੱਖ ਕਰੋਨਾ ਟੀਕੇ ਦੀਆਂ ਖ਼ੁਰਾਕਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਕਰੋਨਾ ਦਾ ਮੁਕਾਬਲਾ ਹੋ ਸਕੇਗਾ। ਪ੍ਰਧਾਨ ਮੰਤਰੀ ਦੇ ਵਿਗਿਆਨਕ ਸਲਾਹਕਾਰ ਵੀ ਚਿਤਾਵਨੀ ਦੇ ਚੁਕੇ ਹਨ ਕਿ ਕਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ। ਇਸ ਬਾਰੇ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਲੋਕ ਵੀ ਚਿੰਤਤ ਹਨ। ਕਰੋਨਾ ਦੀ ਪਹਿਲੀ ਲਹਿਰ ਪਿਛੋਂ ਦੂਜੀ ਖ਼ਤਰਨਾਕ ਹੈ । ਜੇ ਤੀਜੀ ਲਹਿਰ ਵੀ ਇੰਨੀ ਹੀ ਖ਼ਤਰਨਾਕ ਹੋਵੇਗੀ ਤਾਂ ਪਤਾ ਨਹੀਂ ਕੀ ਹੋਵੇਗਾ? ਟੀਕੇ ਨਾਲ ਹੀ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।“ ਉਨ੍ਹਾਂ ਦਿੱਲੀ ਵਿਚ ਕਰੋਨਾ ਟੀਕਾਕਰਨ ਮੁਹਿੰਮ ਰਾਹੀਂ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕੇ ਲਵਾਉਣ ਲਈ ਜ਼ੋਰ ਦਿਤਾ ਤੇ ਕਿਹਾ, ਦਿੱਲੀ ਵਿਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਾਉਣ ਦੇ ਸੈਂਟਰ ਵੀ 100 ਤੋਂ ਵਧਾ ਕੇ 300 ਕੀਤੇ ਜਾ ਰਹੇ ਹਨ। ਦਿੱਲੀ ਦੀ ਦੋ ਕਰੋੜ ਦੀ ਆਬਾਦੀ ‘ਚੋਂ ਡੇਢ ਕਰੋੜ ਦੀ ਆਬਾਦੀ ਤਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਹੈ। ਇਸ ਲਈ ਅੱਜੇ 2 ਕਰੋੜ 60 ਲੱਖ ਖ਼ੁਰਾਕਾਂ ਦੀ ਲੋੜ ਹੈ ਜਦ ਕਿ ਹਾਲ ਦੀ ਘੜੀ ਦਿੱਲੀ ਨੂੰ 40 ਲੱਖ ਟੀਕੇ ਹੀ ਹਾਸਲ ਹੋਏ ਹਨ।
ਦਿੱਲੀ ਦੀ 2 ਕਰੋੜ ਆਬਾਦੀ ‘ਚੋਂ 18 ਤੋਂ 45 ਸਾਲ ਦੀ ਉਮਰ ਵਾਲਿਆਂ ਦੀ ਆਬਾਦੀ ਇਕ ਕਰੋੜ ਹੈ ਅਤੇ 50 ਲੱਖ ਲੋਕ 18 ਸਾਲ ਤੋਂ ਘੱਟ ਉਮਰ ਦੇ ਹਨ। ਜਦ ਕਿ ਬਾਕੀ 50 ਲੱਖ ਲੋਕ 18 ਸਾਲ ਤੋਂ ਘੱਟ ਉਮਰ ਦੇ ਹਨ। ਇਨ੍ਹਾਂ ਚੋਂ ਬਾਕੀ ਡੇਢ ਕਰੋੜ ਲੋਕ 18 ਸਾਲ ਤੋਂ ਉੱਤੇ ਦੀ ਉਮਰ ਦੇ ਹਨ, ਜਿਨ੍ਹਾਂ ਨੂੰ ਟੀਕੇ ਦੀਆਂ ਦੋ ਖ਼ੁਰਾਕਾਂ ਲੱਗਣੀਆਂ ਹਨ। ਜਿਸ 3 ਕਰੋੜ ਟੀਕੇ ਚਾਹੀਦੇ ਹਨ। ਦਿੱਲੀ ਦੇ ਨਾਲ ਲੱਗਦੇ ਹਰਿਆਣਾ ਤੇ ਯੂਪੀ ਦੇ ਇਲਾਕਿਆਂ ਫ਼ਰੀਦਾਬਾਦ, ਸੋਨੀਪਤ, ਗੁੜਗਾਂਵਾਂ, ਗਾਜ਼ੀਆਬਾਦ ਅਤੇ ਨੋਇਡਾ ਤੋਂ ਵੀ ਲੋਕ ਕਰੋਨਾ ਟੀਕਾ ਲਵਾਉਣ ਲਈ ਦਿੱਲੀ ਵਿਚ ਆ ਰਹੇ ਹਨ ਤੇ ਦਿੱਲੀ ਦੇ ਪ੍ਰਬੰਧਾਂ ਨਾਲ ਉਨ੍ਹਾਂ ਨੂੰ ਤਸੱਲੀ ਹੈ। ਟੀਕੇ ਲਾਉਣ ਲਈ 100 ਸਕੂਲਾਂ ਵਿਚ ਬਣਾਏ ਗਏ ਸੈਂਟਰਾਂ ਨੂੰ ਵਧਾ ਕੇ 300 ਕੀਤਾ ਜਾ ਰਿਹਾ ਹੈ।