
ਸਿੱਟ ਦੇ ਸਮੇਂ ਨੂੰ ਲੈ ਕੇ ਉਠ ਰਹੇ ਸਵਾਲ, ਸੁਪਰੀਮ ਕੋਰਟ ’ਚ ਚੁਨੌਤੀ ਦੀ ਵੀ ਉਠ ਰਹੀ ਮੰਗ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਟਕਪੂਰਾ ਗੋਲੀਕਾਂਡ ਦੇ ਨਿਆਂ ਲਈ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਬਣਾਈ ਤਿੰਨ ਮੈਂਬਰੀ ਨਵੀਂ ਸਿੱਟ ਨੂੰ ਲੈ ਕੇ ਸੂਬੇ ਦੀ ਸਿਆਸਤ ਭਖ ਗਈ ਹੈ। ਜਿਥੇ ਸਿੱਟ ਦੇ ਗਠਨ ਨੂੰ ਲੈ ਕੇ ਕਾਂਗਰਸ ਅੰਦਰ ਵੀ ਦੋ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ, ਉਥੇ ਵਿਰੋਧੀ ਪਾਰਟੀਆਂ ਵੀ ਛੇਤੀ ਨਿਆਂ ਨੂੰ ਲੈ ਕੇ ਸਵਾਲ ਉਠਾ ਰਹੀਆਂ ਹਨ। ਪੰਥਕ ਜਥੇਬੰਦੀਆਂ ਅਤੇ ਕੋਟਕਪੂਰਾ-ਬਹਿਬਲ ਗੋਲੀਕਾਂਡ ਦੇ ਪੀੜਤ ਪਰਵਾਰਾਂ ਦੇ ਮੈਂਬਰ ਵੀ ਨਵੀਂ ਸਿੱਟ ਨੂੰ ਲੈ ਕੇ ਖ਼ੁਸ਼ ਵਿਖਾਈ ਨਹੀਂ ਦੇ ਰਹੇ।
CM Punjab
ਉਧਰ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਕੁਲਦੀਪ ਸਿੰਘ ਵੈਦ ਖੁਲ੍ਹ ਕੇ ਕੈਪਟਨ ਦੇ ਬਚਾਅ ’ਚ ਆ ਗਏ ਹਨ ਭਾਵੇਂ ਕਿ ਕਾਂਗਰਸ ਦੇ ਬਹੁਤੇ ਵਿਧਾਇਕ ਤੇ ਮੰਤਰੀ ਹਾਲੇ ਖੁਲ੍ਹ ਕੇ ਨਹੀਂ ਬੋਲ ਰਹੇ। ਸਿੱਟ ਦੇ 6 ਮਹੀਨੇ ਦੇ ਸਮੇਂ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ ਅਤੇ ਸਿੱਟ ਦੀ ਥਾਂ ਸਿੱਧਾ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦੀ ਮੰਗ ਵੀ ਉਠ ਰਹੀ ਹੈ। ਨਵਜੋਤ ਸਿੱਧੂ ਤਾਂ ਵਾਰ-ਵਾਰਡ ਅਪਣੇ ਹੀ ਮੁੱਖ ਮੰਤਰੀ ਨੂੰ ਘੇਰਨ ਲਈ ਬਿਆਨ ’ਤੇ ਬਿਆਨ ਦਾਗ ਰਹੇ ਹਨ।
Navjot singh Sidhu
ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਵਿਧਾਇਕ ਡਾ. ਵੇਰਕਾ ਨੇ ਮੁੱਖ ਮੰਤਰੀ ਦਾ ਬਚਾਅ ਕਰਦਿਆਂ ਕਿਹਾ ਕਿ ਨਿਆਂ ’ਚ ਦੇਰੀ ਲਈ ਕੋਈ ਇਕ ਵਿਅਕਤੀ ਜ਼ਿੰਮੇਵਾਰੀ ਨਹੀਂ ਬਲਕਿ ਇਹ ਤਾਂ ਹਾਈਕੋਰਟ ਦਾ ਫ਼ੈਸਲਾ ਹੈ। ਨਿਆਂ ਝੋਲੇ ’ਚੋਂ ਹਿਕ ਦਮ ਕੱਢ ਕੇ ਨਹੀਂ ਦਿਤਾ ਜਾ ਸਕਦਾ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰਨਾ ਪਏਗਾ ਪਰ ਗੋਲੀ ਕਾਂਡ ਦੇ ਦੋਸ਼ੀ ਕਾਂਗਰਸ ਬਖ਼ਸ਼ੇਗੀ ਨਹੀਂ। ਇਸੇ ਤਰ੍ਹਾਂ ਵਿਧਾਇਕ ਕੁਲਦੀਪ ਵੈਦ ਨੇ ਵੀ ਮੁੱਖ ਮੰਤਰੀ ਦਾ ਪੱਖ ਪੂਰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਹੀ ਕਾਰਵਾਈ ਹੋ ਸਕਦੀ ਹੈ।
Bargari Golikand
ਉਨ੍ਹਾਂ ਕਿਹਾ ਕਿ ਗੋਲੀਕਾਂਡ ਦੇ ਦੋਸ਼ੀ ਬਚ ਕੇ ਨਿਕਲਣ ਨਹੀਂ ਦਿਤੇ ਜਾਣਗੇ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਨਿਆਂ ਕਰਾਵਾਵਾਂਗੇ। ਰਾਜ ਸਥਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਿੱਟ ਦੇ ਸਮੇਂ ’ਤੇ ਸੁਆਲ ਚੁਕਦਿਆਂ ਕਿਹਾ ਕਿ ਘੱਟੋ ਘੱਟ ਇਕ ਮਹੀਨੇ ਵਿਚ ਨਿਪਟਾਰਾ ਹੋਣਾ ਚਾਹੀਦਾ ਹੈ ਤੇ ਕਮੇਟੀ ਦੇ ਤਿੰਨੇ ਮੈਂਬਰਾਂ ਨੂੰ ਹੋਰ ਕੰਮਾਂ ਤੋਂ ਫਾਰਗ ਕਰ ਕੇ ਸਿਰਫ਼ ਜਾਂਚ ਤੇ ਹੀ ਇਕ ਥਾਂ ਬੈਠਾ ਕੇ ਲਾ ਦੇਣ ਚਾਹੀਦਾ ਚਾਹੀਦਾ ਹੈ।
Akal Takht Sahib
ਦਿਲਚਸਪ ਗੱਲ ਹੈ ਕਿ ਹੁਣ ਅਕਾਲੀ-ਭਾਜਪਾ ਆਗੂ ਵੀ ਬੇਅਦਬੀ ਤੇ ਗੋਲੀਕਾਂਡ ਦੇ ਨਿਆਂ ਦੀਆਂ ਗੱਲਾਂ ਕਰਨ ਲੱਗੇ ਹਨ, ਭਾਵੇਂ ਕਿ ਸੌਦਾ ਸਾਧ ਦਾ ਪੁਸ਼ਾਕ ਕਾਂਡ ਤੇ ਸ੍ਰੀ ਅਕਾਲ ਤਖ਼ਤ ਤੋਂ ਮਾਫ਼ੀ ਤੇ ਬੇਅਦਬੀਆਂ ਇਨ੍ਹਾਂ ਦੇ ਕਾਰਜਕਾਲ ਵਿਚ ਹੀ ਹੋਈਆਂ। ਉਦੋਂ ਇਨ੍ਹਾਂ ਕਾਰਵਾਈ ਨਹੀਂ ਕੀਤੀ। ਭਾਜਪਾ ਦੇ ਸੀਨੀਅਰ ਆਗੂ ਤਰੁਨ ਚੁੱਘ ਕਹਿ ਰਹੇ ਹਨ ਕਿ 6 ਸਾਲ ਵਿਚ ਨਿਆਂ ਨਹੀਂ ਹੋਇਆ ਤੇ ਹੁਣ ਡਰਾਮੇਬਾਜ਼ੀ ਹੋ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਕਹਿ ਰਹੇ ਹਨ ਕਿ ਹੁਣ ਨਿਰਪੱਖ ਜਾਂਚ ਹੋ ਸਕਦੀ ਹੈ ਅਤੇ ਜੇ ਸਿਆਸਤ ਤੋਂ ਪਾਸੇ ਰੱਖ ਕੇ ਅਦਾਲਤ ਦੇ ਹੁਕਮਾਂ ਅਨੁਸਾਰ ਜਾਂਚ ਹੋਈ ਤਾਂ ਬੇਅਦਬੀ ਤੇ ਗੋਲੀਕਾਂਡ ਦੇ ਅਸਲੀ ਦੋਸ਼ੀ ਜ਼ਰੂਰ ਬੇਨਕਾਬ ਹੋ ਸਕਦੇ ਹਨ।