
ਅੱਜ ਦੁਨੀਆਂ ਭਰ ਵਿਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ।
ਬਰਨਾਲਾ (ਲਖਵੀਰ ਚੀਮਾ) - ਅੱਜ ਦੁਨੀਆਂ ਭਰ ਵਿਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਪਰ ਇਹ ਮਾਂ ਦਿਵਸ ਉਹਨਾਂ ਔਰਤਾਂ ਲਈ ਹੋਰ ਵੀ ਖਾਸ ਹੈ, ਜਿਹਨਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਫ਼ਰੰਟ ਲਾਈਨ ’ਤੇ ਰਹਿ ਕੇ ਮਾਂ ਅਤੇ ਡਿਊਟੀ ਦੋਵੇਂ ਫ਼ਰਜ਼ ਨਿਭਾਏ ਜਾ ਰਹੇ ਹਨ। ਸਿਹਤ ਅਤੇ ਪੁਲਿਸ ਵਿਭਾਗ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿਚ ਨੌਕਰੀ ਕਰ ਰਹੀਆਂ ਔਰਤਾਂ ਵਲੋਂ ਜਿੱਥੇ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਫ਼ਰੰਟ ਲਾਈਨ ’ਤੇ ਰਹਿ ਕੇ ਕੰਮ ਕੀਤਾ ਗਿਆ।
ਉਥੇ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਖਿਆਲ ਵੀ ਰੱਖਿਆ ਗਿਆ। ਇਹਨਾਂ ਵਿਚੋਂ ਕਈ ਔਰਤਾਂ ਕੋਰੋਨਾ ਪਾਜ਼ੀਟਿਵ ਵੀ ਆਈਆਂ, ਜਿਸ ਕਾਰਨ ਇਹਨਾਂ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਤੋਂ ਵੀ ਦੂਰ ਰਹਿਣਾ ਪਿਆ। ਕੁੱਝ ਔਰਤਾਂ ਦੇ ਬੱਚੇ ਉਹਨਾਂ ਕਾਰਨ ਕੋਰੋਨਾ ਦੀ ਲਪੇਟ ਵਿਚ ਆਏ ਪਰ ਇਹਨਾਂ ਸਭ ਸਮੱਸਿਆਵਾਂ ਦੇ ਬਾਵਜੂਦ ਇਹਨਾਂ ਹਿੰਮਤੀ ਅਤੇ ਦਲੇਰ ਔਰਤਾਂ ਨੇ ਆਪਣੇ ਮਾਂ ਹੋਣ ਦਾ ਚੰਗਾ ਸਬੂਤ ਦਿੱਤਾ ਅਤੇ ਹੁਣ ਵੀ ਦੇ ਰਹੀਆਂ ਹਨ।
corona virus
ਇਸ ਸਬੰਧੀ ਗੱਲਬਾਤ ਕਰਦਿਆਂ ਸਿਹਤ ਵਿਭਾਗ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਦੌਰ ਵਿਚ ਉਹ ਲਗਾਤਾਰ ਇੱਕ ਸਾਲ ਤੋਂ ਫ਼ਰੰਟ ਲਾਈਨ ’ਤੇ ਰਹਿ ਕੇ ਕੰਮ ਕਰ ਰਹੀਆਂ ਹਨ। ਉਹਨਾਂ ਵਲੋਂ ਲੋਕਾਂ ਦੇ ਕੋਰੋਨਾ ਸੈਂਪਲ ਵੀ ਲਏ ਗਏ। ਜਿਹਨਾਂ ਵਿਚੋਂ ਬਹੁਤੇ ਲੋਕ ਕੋਰੋਨਾ ਪਾਜ਼ੀਟਿਵ ਵੀ ਆਏ। ਜਿਸ ਕਰਕੇ ਉਹ ਲਗਾਤਾਰ ਕੋਰੋਨਾ ਪੌਜੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਉਂਦੀਆਂ ਰਹੀਆਂ ਹਨ।
ਇਸ ਦੌਰਾਨ ਉਹਨਾਂ ਲਈ ਵੱਡਾ ਚੈਲਿਜ ਆਪਣੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣਾ ਸੀ। ਉਹ ਦਿਨ ਸਮੇਂ ਕੋਰੋਨਾ ਮਰੀਜ਼ਾਂ ਵਿਚ ਡਿਊਟੀ ਕਰਦੀਆਂ ਅਤੇ ਸ਼ਾਮ ਨੂੰ ਘਰ ਜਾ ਕੇ ਪਰਿਵਾਰ ਅਤੇ ਬੱਚਿਆਂ ਦੀ ਸੰਭਾਲ ਕਰਦੀਆਂ। ਘਰ ਜਾਣ ’ਤੇ ਬੱਚੇ ਉਹਨਾਂ ਵੱਲ ਭੱਜਦੇ, ਪਰ ਉਹਨਾਂ ਨੂੰ ਮਜ਼ਬੂਰ ਹੋ ਕੇ ਬੱਚਿਆਂ ਤੋਂ ਦੂਰੀ ਬਣਾਉਣੀ ਪੈਂਦੀ।
Navdeep Kaur
ਇਸ ਮੌਕੇ ਡਾ. ਪੂਰਮ ਨੇ ਦੱਸਿਆ ਕਿ ਉਹ ਇਸ ਦੌਰਾਨ ਕੋਰੋਨਾ ਪਾਜ਼ੀਟਿਵ ਆ ਗਈ। ਜਿਸ ਕਰਕੇ ਘਰ ਦੇ ਖਾਣੇ ਆਦਿ ਦਾ ਸਿਸਟਮ ਵੀ ਵਿਗੜ ਗਿਆ। ਕੋਰੋਨਾ ਕਰਕੇ ਬਾਜ਼ਾਰ ਦਾ ਖਾਣਾ ਨਾ ਖਾਣ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਪਰ ਉਸ ਸਮੇਂ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਉਹਨਾਂ ਨੂੰ ਖਾਣਾ ਵੀ ਬਾਹਰ ਤੋਂ ਮੰਗਵਾ ਕੇ ਖਾਣਾ ਪਿਆ। ਉਸ ਦੀ ਬੱਚੀ ਦਾ ਹੋਮ ਵਰਕ ਵੀ ਉਸ ਦੇ ਫ਼ੋਨ ’ਤੇ ਆਉਂਦਾ ਸੀ, ਜਿਸ ਕਰਕੇ ਇਹ ਸਮਾਂ ਉਹਨਾਂ ਲਈ ਬਹੁਤ ਮੁਸ਼ਕਿਲ ਰਿਹਾ ਹੈ ਪਰ ਪਰਿਵਾਰ ਵਲੋਂ ਅਜਿਹੇ ਸਮੇਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ।
DR Poonam
ਉਥੇ ਸਟਾਫ਼ ਨਰਸ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਵੀ ਇਸ ਦੌਰਾਨ ਕੋਰੋਨਾ ਪਾਜ਼ੀਟਿਵ ਹੋ ਗਈ ਸੀ। ਉਸ ਕਾਰਨ ਉਸ ਦਾ ਤਿੰਨ ਸਾਲ ਦਾ ਬੇਟਾ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ। ਪੰਜ ਸਾਲ ਦੀ ਬੇਟੀ ਦਾ ਫ਼ਿਕਰ ਵੀ ਉਸ ਨੂੰ ਸਤਾ ਰਿਹਾ ਸੀ। ਇਹ ਸਮਾਂ ਜ਼ਿੰਦਗੀ ਵਿਚ ਕਦੇ ਨਹੀਂ ਭੁਲਾਇਆ ਜਾ ਸਕਦਾ। ਫ਼ਰੰਟ ਲਾਈਨ ’ਤੇ ਕੰਮ ਕਰਦਿਆਂ ਆਪਣੇ ਬੱਚਿਆਂ ਨੂੰ ਵੀ ਕੋਰੋਨਾ ਦੇ ਖ਼ਤਰੇ ਵਿਚ ਪਾਇਆ। ਅਜਿਹੇ ਸਮੇਂ ਵਿਚ ਬਹੁਤ ਵੱਡੀ ਗਿਣਤੀ ਵਿਚ ਮਾਵਾਂ ਫਰੰਟ ਲਾਈਨ ’ਤੇ ਰਹਿ ਕੇ ਡਿਊਟੀ ਨਿਭਾ ਰਹੀਆਂ ਹਨ। ਜਿਹਨਾਂ ਨੂੰ ਹਰ ਵੇਲੇ ਇਹੀ ਚਿੰਤਾ ਹੁੰਦੀ ਹੈ ਕਿ ਉਹ ਅਨੇਕਾਂ ਕੋਰੋਨਾ ਪਾਜ਼ੀਟਿਵ ਲੋਕਾਂ ਨੂੰ ਮਿਲਦੇ ਹਨ ਅਤੇ ਇਹ ਇਨਫ਼ੈਕਸ਼ਨ ਉਹਨਾਂ ਦੇ ਬੱਚਿਆਂ ਤੱਕ ਨਾ ਚਲਾ ਜਾਵੇ।
Kamaljeet Kaur
ਉਥੇ ਇਸ ਮੌਕੇ ਪੰਜਾਬ ਪੁਲਿਸ ਵਿਚ ਇੰਸਪੈਕਟਰ ਦੇ ਰੈਂਕ ’ਤੇ ਡਿਊਟੀ ਕਰ ਰਹੇ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਵੀ ਇਸ ਮਹਾਮਾਰੀ ਦੌਰਾਨ ਕੋਰੋਨਾ ਪਾਜ਼ੀਟਿਵ ਆ ਗਏ ਸਨ ਤੇ ਮਜ਼ਬੂਰੀ ਕਾਰਨ ਉਹਨਾਂ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿਣਾ ਪਿਆ। ਉਹਨਾਂ ਕਿਹਾ ਕਿ ਬੱਚਿਆਂ ਦੀ ਯਾਦ ਵੀ ਆਉਂਦੀ ਸੀ, ਪਰ ਕੋਰੋਨਾ ਮਹਾਮਾਰੀ ਅਤੇ ਡਿਊਟੀ ਨੂੰ ਧਿਆਨ ’ਚ ਰੱਖਦਿਆਂ ਘਰ ਜਾਣ ਦਾ ਮੌਕਾ ਘੱਟ ਮਿਲਦਾ ਹੈ।
Jaswinder Kaur
ਇਸ ਸਬੰਧੀ ਬਰਨਾਲਾ ਦੇ ਐਸ਼.ਐਸ.ਪੀ ਸੰਦੀਪ ਗੋਇਲ ਨੇ ਫਰੰਟ ਲਾਈਨ ਤੇ ਰਹਿ ਕੇ ਡਿਊਟੀ ਕਰਨ ਵਾਲੀਆਂ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ, ਪੁਲਿਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਿਚ ਇਹਨਾਂ ਔਰਤਾਂ ਨੇ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਵੱਡੀ ਭੂਮਿਕਾ ਨਿਭਾਈ ਹੈ। ਆਪਣੇ ਬੱਚਿਆਂ ਦੀ ਸੰਭਾਲ ਦੇ ਨਾਲ ਨਾਲ ਸਮਾਜ ਨੂੰ ਇਹਨਾਂ ਦੀ ਵੱਡੀ ਦੇਣ ਹੈ।
Sandeep Goyal