
ਕਣਕ ਖ਼ਰੀਦ ਦਾ ਟੀਚਾ 128 ਲੱਖ ਟਨ, ਕੇਵਲ 19 ਦਿਨਾਂ ਵਿਚ ਪੂਰਾ ਕੀਤਾ
ਕੁਲ ਖ਼ਰੀਦ 130 ਲੱਖ ਟਨ ਤਕ ਪਹੁੰਚਣ ਦੇ ਆਸਾਰ : ਭਾਰਤ ਭੂਸ਼ਣ ਆਸ਼ੂ
ਚੰਡੀਗੜ੍ਹ, 8 ਮਈ (ਜੀ.ਸੀ. ਭਾਰਦਵਾਜ) : ਕੋਰੋਨਾ ਮਹਾਂਮਾਰੀ, ਖ਼ਰਾਬ ਮੌਸਮ ਅਤੇ ਕੇਂਦਰ ਸਰਕਾਰ ਦੀਆਂ ਨਵੀਆਂ ਸ਼ਰਤਾਂ ਦੇ ਬਾਵਜੂਦ, ਪੰਜਾਬ ਦੀਆਂ ਦੀ ਚਾਰ ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਸਮੇਤ ਐਫ਼.ਸੀ.ਆਈ. ਨੇ ਕੇਵਲ 29 ਦਿਨਾਂ ਦੇ ਰੀਕਾਰਡ ਥੋੜੇ ਸਮੇਂ 'ਚ ਐਤਕੀਂ ਕਣਕ ਖ਼ਰੀਦ ਦਾ ਟੀਚਾ, 128 ਲੱਖ ਟਨ ਦਾ ਅੱਜ ਸ਼ਾਮ ਪੂਰਾ ਕਰ ਲਿਆ | ਮੰਡੀਆਂ 'ਚ ਹੁਣ ਰੋਜ਼ਾਨਾ ਕਣਕ ਦੀ ਆਮਦ ਕੇਵਲ 80-90,000 ਟਨ ਦੀ ਰਹਿ ਗਈ ਹੈ | ਸੂਬੇ ਦੇ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 10 ਅਪ੍ਰੈਲ ਨੂੰ ਕੁਲ 3700 ਖ਼ਰੀਦ ਕੇਂਦਰਾਂ 'ਚ ਸ਼ੁਰੂ ਕੀਤੀ ਕਣਕ ਖ਼ਰੀਦ ਨੇ ਐਤਕੀਂ 10 ਲੱਖ ਕਿਸਾਨਾਂ, ਏਜੰਸੀ ਸਟਾਫ਼ ਮੈਂਬਰਾਂ, ਮੰਡੀ ਬੋਰਡ ਕਰਮਚਾਰੀਆਂ, ਆੜ੍ਹਤੀਆਂ, ਮਜ਼ਦੂਰਾਂ, ਪੱਲੇਦਾਰਾਂ, ਟਰੱਕ ਅਪਰੇਟਰਾਂ, ਸ਼ੈਲਰਾਂ
ਵਾਲਿਆਂ ਤੇ ਹੋਰ ਲੋਕਾਂ, ਸੱਭ ਨੇ ਮਿਲ ਕੇ ਇਸ ਔਖੇ ਟੀਚੇ ਨੂੰ ਸਰ ਕੀਤਾ |
ਉਨ੍ਹਾਂ ਦਸਿਆ ਕੁਲ 24,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਪ੍ਰਵਾਨ ਕੀਤੀ ਸੀ ਅਤੇ 22,000 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ ਜਿਸ 'ਚ 19,500 ਕਰੋੜ ਸਿੱਧਾ ਕਿਸਾਨ ਖਾਤਿਆਂ 'ਚ ਗਿਆ ਹੈ | ਕੁਲ ਅਦਾਇਗੀ 'ਚ 2200 ਕਰੋੜ ਐਫ਼.ਸੀ.ਆਈ. ਨੇ ਕੀਤਾ ਅਤੇ ਉਸ ਨੇ 12 ਲੱਖ ਟਨ ਕਣਕ ਦੀ ਖਰੀਦ ਕੀਤੀ |
ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਅੰਮਿ੍ਤਸਰ, ਫ਼ਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਨੂੰ ਛੱਡ ਕੇ ਬਾਕੀ 17 ਜ਼ਿਲਿ੍ਹਆਂ 'ਚ ਛੋਟੀਆਂ ਤੇ ਆਰਜ਼ੀ ਮੰਡੀਆਂ ਬੰਦ ਕਰ ਦਿਤੀਆਂ ਹਨ |