
ਅੱਜ ਹੋਵੇਗੀ ਭਗਵੰਤ ਮਾਨ ਅਤੇ ਨਵਜੋਤ ਸਿੱਧੂ ਦੀ ਮੁਲਾਕਾਤ
ਆਰਥਕ ਮਾਮਲਿਆਂ ਬਾਰੇ ਸਲਾਹ ਲੈਣ ਲਈ ਭਗਵੰਤ ਮਾਨ ਨੇ ਸਿੱਧੂ ਨੂੰ ਗੱਲਬਾਤ ਲਈ ਹੈ ਸੱਦਿਆ
ਚੰਡੀਗੜ੍ਹ, 8 ਮਈ (ਗੁਰਉਪਦੇਸ਼ ਭੁੱਲਰ): ਵਿਰੋਧੀ ਪਾਰਟੀਆਂ ਵਲੋਂ ਵੱਖ ਵੱਖ ਮੁੱਦੇ ਉਠਾ ਕੇ ਪੰਜਾਬ ਦੀ 'ਆਪ' ਸਰਕਾਰ ਦੀ ਹਰ ਦਿਨ ਕੀਤੀ ਜਾ ਰਹੀ ਘੇਰਾਬੰਦੀ ਦੇ ਚਲਦੇ ਪੰਜਾਬ ਕਾਂਗਰਸ ਵਿਚ ਅਪਣੀ ਵਖਰੀ ਹੀ ਮੁਹਿੰਮ ਚਲਾ ਰਹੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਬਾਤ ਲਈ ਸੱਦ ਲਿਆ ਹੈ |
ਸਿਆਸੀ ਹਲਕਿਆਂ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਛਿੜ ਗਈ ਹੈ ਕਿ ਮੁੱਖ ਮੰਤਰੀ ਨਵਜੋਤ ਸਿੱਧੂ ਨੂੰ ਕਿਸ ਹੈਸੀਅਤ ਵਿਚ ਬੁਲਾ ਰਹੇ ਹਨ ਜਦਕਿ ਉਹ ਨਾ ਹੀ ਤਾਂ ਵਿਧਾਇਕ ਹਨ ਅਤੇ ਨਾ ਹੀ ਇਸ ਸਮੇਂ ਉੁਨ੍ਹਾਂ ਕੋਲ ਪਾਰਟੀ ਵਿਚ ਕੋਈ ਅਹੁਦਾ ਹੈ | ਸਿੱਧੂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਬਾਰੇ ਵੀ ਸੂਬੇ ਦੀ ਹਾਲਤ ਨੂੰ ਲੈ ਕੇ ਲਗਾਤਾਰ ਤਿਖੀਆਂ ਟਿਪਣੀਆਂ ਵੀ ਕਰ ਰਹੇ ਹਨ | ਇਸ ਸਥਿਤੀ ਦੇ ਚਲਦੇ ਭਗਵੰਤ ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਨਾਲ ਸਿਆਸੀ ਸਮੀਕਰਨ ਬਦਲ ਸਕਦੇ ਹਨ | ਮੁੱਖ ਮੰਤਰੀ ਵਲੋਂ 9 ਮਈ ਸ਼ਾਮ 5.15 ਵਜੇ ਮੀਟਿੰਗ ਲਈ ਸੱਦੇ ਜਾਣ ਦੀ ਨਵਜੋਤ ਸਿੱਧੂ ਨੇ ਖ਼ੁਦ ਅੱਜ ਟਵੀਟ ਕਰ ਕੇ ਜਾਣਕਾਰੀ ਦਿਤੀ ਹੈ | ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਹ ਮੁਲਾਕਾਤ ਸੂਬੇ ਦੀ ਆਰਥਕ ਸਥਿਤੀ ਨੂੰ ਲੈ ਕੇ ਹੋ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਆਰਥਕ ਪੱਖੋਂ ਮੁੜ ਪੈਰਾਂ ਉਪਰ ਖੜੇ ਕਰਨ ਲਈ ਇਮਾਨਦਾਰੀ ਨਾਲ ਸਮੂਹਕ ਯਤਨਾਂ ਦੀ ਲੋੜ ਹੈ |
ਜ਼ਿਕਰਯੋਗ ਹੈ ਕਿ ਸਿੱਧੂ ਅਪਣੇ ਪੰਜਾਬ ਏਜੰਡੇ ਵਿਚ ਸੂਬੇ ਦੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ ਲਈ ਆਮਦਨ ਦੇ ਸਾਧਨ ਪੈਦਾ ਕਰਨ 'ਤੇ ਜ਼ੋਰ ਦਿੰਦੇ ਹਨ ਅਤੇ ਅੱਜ ਵੀ ਉਹ ਅਪਣੀ ਮੁਹਿੰਮ ਵਿਚ ਆਮਦਨ ਵਧਾਉਣ 'ਤੇ ਹੀ ਜ਼ੋਰ ਦਿੰਦੇ ਹਨ | ਮਾਈਨਿੰਗ, ਸ਼ਰਾਬ, ਕੇਬਲ ਨੈੱਟਵਰਕ, ਟਰਾਂਸਪੋਰਟ ਆਦਿ ਤੋਂ ਆਮਦਨ ਵਧਾਉਣ ਲਈ ਵੀ ਸਿੱਧੂ ਨੇ ਵਾਰ ਵਾਰ ਸੁਝਾਅ ਅਪਣੀ ਸਰਕਾਰ ਸਮੇਂ ਵੀ ਦਿਤੇ | ਇਸ ਕਾਰਨ ਹੁਣ ਭਗਵੰਤ ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਅਹਿਮ ਹੋ ਗਈ ਹੈ ਅਤੇ ਸੱਭ ਦੀ ਨਜ਼ਰ ਰਹੇਗੀ ਕਿ ਸਿੱਧੂ 'ਆਪ' ਸਰਕਾਰ ਨੂੰ ਆਮਦਨ ਵਧਾਉਣ ਤੇ ਕਰਜ਼ਾ ਘਟਾਉਣ ਲਈ ਕੀ ਸੁਝਾਅ ਦਿੰਦੇ ਹਨ | ਇਸ ਸਮੇਂ 'ਆਪ' ਸਰਕਾਰ ਸਾਹਮਣੇ ਵੀ ਗਰੰਟੀਆਂ ਲਾਗੂ ਕਰਨ ਵਿਚ ਵਿੱਤੀ ਹਾਲਤ ਹੀ ਰੁਕਾਵਟ ਬਣ ਰਹੀ ਹੈ |