
ਝੋਨੇ ਲਈ 10 ਜੂਨ ਤੋਂ ਬਿਜਲੀ ਦੇਣ ਦੇ ਮੁੱਦੇ 'ਤੇ ਪਾਵਰਕਾਮ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਨਤੀਜਾ ਰਹੀ
ਪਾਵਰਕਾਮ ਸਰਕਾਰ ਵਲੋਂ ਐਲਾਨੇ ਝੋਨੇ ਦੇ ਸ਼ਡਿਊਲ ਮੁਤਾਬਕ 18 ਜੂਨ ਤੋਂ 8 ਘੰਟੇ ਬਿਜਲੀ ਦੇਵੇਗਾ ਪਰ ਕਿਸਾਨ ਸਰਕਾਰ ਦੇ ਸ਼ਡਿਊਲ ਦਾ ਵਿਰੋਧ ਕਰ ਕੇ 10 ਜੂਨ ਤੋਂ ਹੀ ਝੋਨਾ ਲਾਉਣ 'ਤੇ ਅੜੇ
ਚੰਡੀਗੜ੍ਹ, 8 ਮਈ (ਭੁੱਲਰ) : ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 16 ਕਿਸਾਨ ਜਥੇਬੰਦੀਆਂ ਦੀ ਅੱਜ ਪਾਵਰਕਾਮ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਤੇ ਹੋਰ ਅਧਿਕਾਰੀਆਂ ਨਾਲ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ 10 ਜੂਨ ਤੋਂ ਦੇਣ ਦੀ ਮੰਗ ਨੂੰ ਲੈ ਕੇ ਹੋਈ ਮੀਟਿੰਗ ਬੇਨਤੀਜਾ ਰਹੀ ਭਾਵੇਂ ਕਿ ਹੋਰ ਮੰਗਾਂ ਬਾਰੇ ਅਧਿਕਾਰੀਆਂ ਦਾ ਰਵਈਆ ਹਾਂ ਪੱਖੀ ਸੀ | ਪਾਵਰਕਾਮ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਐਲਾਨੇ 18 ਜੂਨ ਦੇ ਸ਼ਡਿਊਲ ਮੁਤਾਬਕ ਹੀ 8 ਘੰਟੇ ਬਿਜਲੀ ਦੇਵੇਗਾ ਪਰ ਕਿਸਾਨ ਆਗੂ 10 ਜੂਨ ਤੋਂ ਹੀ 8 ਘੰਟੇ ਬਿਜਲੀ ਮੰਗ ਰਹੇ ਹਨ ਅਤੇ ਸਰਕਾਰ ਦੇ ਜ਼ੋਨ ਬਣਾ ਕੇ ਝੋਨਾ ਲਾਉਣ ਦੇ ਸ਼ਡਿਊਲ ਨੂੰ ਰੱਦ ਕਰ ਕੇ 10 ਜੂਨ ਤੋਂ ਹੀ ਝੋਨਾ ਲਾਉਣ 'ਤੇ ਅੜ ਗੲ ਹਨ |
ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦਸਿਆ ਕਿ ਸੰਘਰਸ਼ ਦੇ ਪੋ੍ਰਗਰਾਮ ਲਈ 20 ਮਈ ਨੂੰ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਗਈ ਹੈ | ਉਨ੍ਹਾਂ ਦਸਿਆ ਕਿ ਸਰਕਾਰ ਨੇ ਝੋਨੇ ਦਾ ਸ਼ਡਿਊਲ ਬਣਾਉਣ ਸਮੇਂ ਨਾ ਹੀ ਕਿਸਾਨਾਂ ਤੇ ਖੇਤੀ ਮਾਹਰਾਂ ਨੂੰ ਪੁਛਿਆ ਅਤੇ ਨਾ ਹੀ ਪਾਵਰਕਾਮ ਦੇ ਅਧਿਕਾਰੀਆਂ ਦੀ ਸਲਾਹ ਲਈ ਗਈ ਹੈ | ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਕਿਸਾਨਾਂ ਦੀਆਂ ਬਿਜਲੀ ਮਹਿਕਮੇ ਨਾਲ ਸਬੰਧਤ ਕਈ ਮੰਗਾਂ ਤੇ ਹਾਂ ਪੱਖੀ ਚਰਚਾ ਕੀਤੀ ਗਈ ਜਿਸ ਵਿਚ ਹਰ ਕਿਸਮ ਦੇ ਓਵਰਲੋਡ ਸਿਸਟਮ ਨੂੰ ਅੰਡਰਲੋਡ ਕਰਨ ਬਾਰੇ ਚੇਅਰਮੈਨ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ | ਲੋਡ ਫ਼ੀ ਸਦੀ 4700 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘੱਟ ਕਰ ਕੇ 1200 ਰੁਪਏ ਕਰਨ ਉਪਰ ਵੀ ਚੇਅਰਮੈਨ ਨੇ ਕਿਹਾ ਕਿ ਸੱਚਮੁੱਚ ਹੀ 4700 ਰੁਪਏ ਰੇਟ ਜ਼ਿਆਦਾ ਹੈ ਉਹ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਰੇਟ ਘੱਟ ਕਰਨ ਦੀ ਅਪੀਲ ਕਰਨਗੇ |