
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 1 ਦੇ ਏਐਸਆਈ ਮਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ
Abohar News : ਅਬੋਹਰ ਸ਼ਹਿਰ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਲੁਟੇਰੇ ਬੇਖੌਫ ਹੋ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਅੱਜ ਸਵੇਰੇ 10 ਵਜੇ ਦੇ ਕਰੀਬ ਇੱਕ ਲੁਟੇਰਾ ਦੁਕਾਨ ਵਿੱਚੋਂ 1 ਲੱਖ ਰੁਪਏ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਹੈ।
ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 1 ਦੇ ਏਐਸਆਈ ਮਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਸੰਚਾਲਕ ਜੁਗਲ ਕਿਸ਼ੋਰ ਨਾਗੌਰੀ ਨੇ ਦੱਸਿਆ ਕਿ ਬਾਜ਼ਾਰ ਨੰ. 4 ਸਟੇਟ ਬੈਂਕ ਦੇ ਸਾਹਮਣੇ ਉਸਦੀ ਆੜਤ ਅਤੇ ਕਰਿਆਨੇ ਦੀ ਦੁਕਾਨ ਹੈ। ਜਦੋਂ ਅੱਜ ਸਵੇਰੇ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਇਕ ਜ਼ਿਮੀਦਾਰ ਨੇ ਉਸ ਨੂੰ ਇਕ ਲੱਖ ਰੁਪਏ ਉਸ ਦੀ ਆੜਤ 'ਤੇ ਦੇ ਕੇ ਗਿਆ ਅਤੇ ਉਸ ਨੇ ਆਪਣੇ ਗੱਲੇ 'ਚ ਰੱਖ ਲਏ।
ਸਾਮਾਨ ਲੈਣ ਆਇਆ ਨੌਜਵਾਨ ਲੁੱਟ ਕੇ ਭੱਜਿਆ
ਜ਼ਿਮੀਦਾਰ ਦੇ ਜਾਂਦੇ ਹੀ ਇੱਕ ਡਿਸਕਵਰ ਬਾਈਕ 'ਤੇ ਸਵਾਰ ਹੋ ਕੇ ਆਏ 2 ਨੌਜਵਾਨਾਂ 'ਚੋਂ ਇਕ ਦੁਕਾਨ 'ਤੇ ਆਇਆ ਅਤੇ 500 ਰੁਪਏ ਦਾ ਨੋਟ ਦੇ ਕੇ 40 ਰੁਪਏ ਦੀਆਂ ਦੋ ਨਹਾਉਣ ਵਾਲੀਆਂ ਸਾਬਣਾਂ ਮੰਗੀਆਂ ਸੀ। ਜਦੋਂ ਉਸ ਨੇ ਆਪਣਾ ਗੱਲਾ ਖੋਲ੍ਹ ਕੇ ਉਸ ਨੂੰ 460 ਰੁਪਏ ਦੀ ਬਕਾਇਆ ਰਾਸ਼ੀ ਦੇਣੀ ਚਾਹੀ ਤਾਂ ਨੌਜਵਾਨ ਨੇ ਗੱਲੇ ਵਿੱਚ ਰੱਖੇ ਇੱਕ ਲੱਖ ਰੁਪਏ ਦੇਖੇ।
ਇਹ ਦੇਖਦਿਆਂ ਹੀ ਉਸਨੇ ਦੁਕਾਨਦਾਰ ਨੂੰ ਇੱਕ ਕਿੱਲੋ ਖੰਡ ਦੇਣ ਲਈ ਕਿਹਾ। ਜਿਵੇਂ ਹੀ ਜੁਗਲ ਕਿਸ਼ੋਰ ਖੰਡ ਤੋਲਣ ਲਈ ਦੁਕਾਨ ਦੇ ਅੰਦਰ ਗਿਆ ਤਾਂ ਲੁਟੇਰੇ ਨੇ ਗੱਲੇ 'ਚੋਂ 1 ਲੱਖ ਰੁਪਏ ਦੀ ਨਕਦੀ ਕੱਢ ਲਈ ਅਤੇ ਬਾਈਕ ਲੈ ਕੇ ਭੱਜਣ ਦੀ ਕੋਸ਼ਿਸ ਕੀਤੀ।
ਇਸ ਦੌਰਾਨ ਜੁਗਲ ਕਿਸ਼ੋਰ ਨੇ ਆਵਾਜ਼ ਲਗਾ ਕੇ ਕਿਹਾ ਕਿ ਆਪਣੇ 440 ਰੁਪਏ ਤਾਂ ਲੈ ਜਾ ਪਰ ਉਸ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ ਅਤੇ ਉਥੋਂ ਭੱਜ ਗਿਆ। ਬਾਅਦ ਵਿਚ ਜਦੋਂ ਉਸ ਨੇ ਆਪਣਾ ਗੱਲਾ ਚੈੱਕ ਕੀਤਾ ਤਾਂ ਉਸ ਵਿਚੋਂ 1 ਲੱਖ ਰੁਪਏ ਦੀ ਨਕਦੀ ਗਾਇਬ ਸੀ।
ਦੁਕਾਨ ਤੋਂ ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 1 ਦੇ ਏਐਸਆਈ ਮਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।