
ਲੰਘੀ 30 ਮਈ ਦੀ ਸਵੇਰ ਨੂੰ ਕਤਲ ਕਰ ਕੇ ਸਥਾਨਕ ਕਪਾਹ ਮੰਡੀ ਨਜ਼ਦੀਕ ਸਥਿਤ 80 ਫੁੱਟੀ ਸੜਕ ਦੇ ਕਿਨਾਰੇ ਸੁੱਟੀ
ਬਠਿੰਡਾ, 8 ਜੂਨ (ਸੁਖਜਿੰਦਰ ਮਾਨ): ਲੰਘੀ 30 ਮਈ ਦੀ ਸਵੇਰ ਨੂੰ ਕਤਲ ਕਰ ਕੇ ਸਥਾਨਕ ਕਪਾਹ ਮੰਡੀ ਨਜ਼ਦੀਕ ਸਥਿਤ 80 ਫੁੱਟੀ ਸੜਕ ਦੇ ਕਿਨਾਰੇ ਸੁੱਟੀ ਅਣਪਛਾਤੇ ਨੌਜਵਾਨ ਦੇ ਮਾਮਲੇ ਦਾ ਪਰਦਾਫ਼ਾਸ ਕਰਦਿਆਂ ਮ੍ਰਿਤਕ ਦੀ ਕਥਿਤ ਪ੍ਰੇਮਿਕਾ ਸਮੇਤ ਦੋ ਵਿਅਕਤੀਆਂ ਵਿਰੁਧ ਪਰਚਾ ਦਰਜ ਕਰ ਕੇ ਸੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਸਥਾਨਕ ਮਿੰਨੀ ਸਕੱਤਰੇਤ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਵਿਚ ਆਈ.ਜੀ ਜਸਕਰਨ ਸਿੰਘ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਪਹਿਲਾਂ ਬਠਿੰਡਾ ਸ਼ਹਿਰ ਵਿਚੋਂ ਲਾਸ਼ ਬਰਾਮਦ ਹੋਣ ਕਰ ਕੇ ਕਤਲ ਦਾ ਮੁਕੱਦਮਾ ਥਾਣਾ ਕੋਤਵਾਲੀ ਵਿਚ ਦਰਜ ਕੀਤਾ ਗਿਆ ਸੀ ਪਰ ਬਾਅਦ ਵਿਚ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਕਤਲ ਨਥਾਣਾ ਥਾਣੇ ਅਧੀਨ ਪਿੰਡ ਭੈਣੀ ਵਿਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਮੁਕੱਦਮਾ ਉਕਤ ਥਾਣੇ ਨੂੰ ਭੇਜ ਦਿਤਾ ਸੀ।
ਇਸ ਮਾਮਲੇ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਹਰਪ੍ਰੀਤ ਸਿੰਘ ਵਾਸੀ ਪਿੰਡ ਉਲਕ ਜ਼ਿਲ੍ਹਾ ਮਾਨਸਾ ਦੇ ਕਥਿਤ ਤੌਰ 'ਤੇ ਕੁਲਦੀਪ ਕੌਰ ਪਤਨੀ ਰਣਜੀਤ ਸਿੰਘ ਫ਼ੌਜੀ ਨਾਲ ਪ੍ਰੇਮ ਸਬੰਧ ਸਨ। ਪਰ ਇਸ ਦੌਰਾਨ ਕੁਲਦੀਪ ਕੌਰ ਦੇ ਪਤੀ ਰਣਜੀਤ ਸਿੰਘ ਨੂੰ ਵੀ ਇਨ੍ਹਾਂ ਸਬੰਧਾਂ ਦੀ ਭਿਣਕ ਲੱਗ ਗਈ। ਇਸ ਤੋਂ ਬਾਅਦ ਇਕ ਯੋਜਨਾ ਤਹਿਤ ਭੈਣੀ ਆਏ ਹਰਪ੍ਰੀਤ ਸਿੰਘ ਨੂੰ 29 ਮਈ ਦੀ ਰਾਤ ਨੂੰ ਕਥਿਤ ਦੋਸ਼ੀਆਂ ਨੇ ਮਿਲ ਕੇ ਕਤਲ ਕਰ ਦਿਤਾ ਤੇ ਲਾਸ਼ ਛੋਟੇ ਹਾਥੀ ਵਿਚ ਪਾ ਕੇ ਬਠਿੰਡਾ ਸ਼ਹਿਰ ਵਿਚ ਸੁੱਟ ਦਿਤੀ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਕੁਲਦੀਪ ਕੌਰ, ਬਲਰਾਜ ਸਿੰਘ ਉਰਫ਼ ਬਾਜੀ, ਸੁਖਰਾਜ ਸਿੰਘ, ਬਲਰਾਜ ਸਿੰਘ ਉਰਫ਼ ਬਲੀ, ਬੂਟਾ ਸਿੰਘ, ਹੈਪੀ ਸਿੰਘ ਉਰਫ਼ ਜਾਦੂ ਅਤੇ ਸੁਖਵੀਰ ਸਿੰਘ ਉਰਫ਼ ਭਾਂਬੜ ਸ਼ਾਮਲ ਹਨ। ਇਸ ਕੇਸ ਵਿਚ ਹਾਲੇ ਬੱਬੂ ਸਿੰਘ, ਰਾਜੂ ਸਿੰਘ ਤੇ ਰਣਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਲਾਸ਼ ਸੁੱਟਣ ਲਈ ਵਰਤਿਆਂ ਛੋਟਾ ਹਾਥੀ, ਮੋਟਰਸਾਈਕਲ ਤੇ ਕਹੀ ਦੇ ਬਾਹੇ ਅਤੇ ਡੰਡੇ ਵੀ ਬਰਾਮਦ ਕਰ ਲਏ ਹਨ।