
ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਨਾ ਹੋ ਸਕਣ ਕਾਰਨ 30 ਸਤੰਬਰ ਤਕ ਦੇ ਖ਼ਰਚਿਆਂ ਨੂੰ ਪ੍ਰਵਾਨਗੀ
ਚੰਡੀਗੜ੍ਹ, 8 ਜੂਨ (ਨੀਲ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਥੇ ਗੁਰਦਵਾਰਾ ਸ੍ਰੀ ਕਲਗੀਧਰ ਨਿਵਾਸ ਵਿਖੇ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਵਿਦਿਅਕ ਅਦਾਰਿਆਂ ਅਤੇ ਸੰਸਥਾ ਨਾਲ ਸਬੰਧਤ ਹੋਰ ਸਖ਼ਾਵਾਂ ਦੇ 30 ਸਤੰਬਰ 2020 ਤਕ ਦੇ ਹੋਣ ਵਾਲੇ ਖ਼ਰਚਿਆਂ ਨੂੰ ਪ੍ਰਵਾਨਗੀ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਨਹੀਂ ਹੋ ਸਕਿਆ ਸੀ। ਇਸ ਤੋਂ ਪਹਿਲਾਂ ਅੰਤਿੰ੍ਰਗ ਕਮੇਟੀ ਵੱਲੋਂ 1 ਅਪ੍ਰੈਲ ਤੋਂ 90 ਦਿਨਾਂ ਦੇ ਖ਼ਰਚਿਆਂ ਨੂੰ ਪ੍ਰਵਾਨਗੀ ਦਿਤੀ ਗਈ ਸੀ।
ਅੱਜ ਹੋਈ ਇਕੱਤਰਤਾ ਦੌਰਾਨ ਮੁੜ 1 ਜੁਲਾਈ ਤੋਂ 30 ਸਤੰਬਰ ਤਕ ਦੇ ਖ਼ਰਚਿਆਂ ਨੂੰ ਪ੍ਰਵਾਨ ਕੀਤਾ ਗਿਆ ਹੈ। ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਕਾਰਨ ਬਣੇ ਹਾਲਾਤਾਂ ਦੇ ਚਲਦਿਆਂ ਅਜੇ ਇਜਲਾਸ ਕਰਨਾ ਸੰਭਵ ਨਹੀਂ ਹੈ। ਇਸ ਕਰ ਕੇ ਮਹੀਨਾਵਾਰ ਖ਼ਰਚਿਆਂ ਨੂੰ ਪ੍ਰਵਾਨਗੀ ਦਿਤੀ ਗਈ ਹੈ, ਤਾਂ ਜੋ ਸੰਸਥਾ ਦਾ ਕੰਮ-ਕਾਜ ਨਿਰਵਿਘਨ ਚਲਦਾ ਰਹੇ। ਹੋਰ ਫ਼ੈਸਲਿਆਂ ਸਬੰਧੀ ਭਾਈ ਲੌਂਗੋਵਾਲ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਨੂੰ ਵਿਸ਼ਾਲ ਪੱਧਰ 'ਤੇ ਮਨਾਉਣ ਲਈ ਵਿਉਂਤਬੰਦੀ ਕੀਤੀ ਗਈ ਹੈ।
File Photo
ਉਨ੍ਹਾਂ ਦਸਿਆ ਕਿ ਸਥਾਪਨਾ ਦਿਵਸ ਸਬੰਧੀ 15 ਨਵੰਬਰ 2020 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਸਮਾਗਮ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਪਿਛੋਕੜ, ਵਿਕਾਸ, ਯੋਗਦਾਨ ਅਤੇ ਪ੍ਰਾਪਤੀਆਂ ਬਾਰੇ ਡਾਕੂਮੈਂਟਰੀ ਫ਼ਿਲਮ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ 100 ਸਾਲਾ ਇਤਿਹਾਸ ਨਾਲ ਸਬੰਧਤ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ। ਸੰਸਥਾ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸੈਮੀਨਾਰ ਆਯੋਜਤ ਕੀਤੇ ਜਾਣਗੇ।
ਭਾਈ ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਦੇ ਚਲਦਿਆਂ ਗੁਰਦਵਾਰਾ ਸਾਹਿਬਾਨ ਤੋਂ ਲੋੜਵੰਦਾਂ ਲਈ ਲੰਗਰ ਸੇਵਾ ਦਿਤੀ ਗਈ ਹੈ। ਇਸ ਵਿਚ ਵੱਡੇ ਪੱਧਰ 'ਤੇ ਸੰਗਤਾਂ ਵਲੋਂ ਸਹਿਯੋਗ ਕੀਤਾ ਗਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਵਿਸ਼ਾਲ ਪੱਧਰ 'ਤੇ ਕਣਕ ਅਤੇ ਹੋਰ ਰਸਦਾਂ ਭੇਜੀਆਂ ਗਈਆਂ ਹਨ, ਜਿਸ ਲਈ ਸ਼੍ਰੋਮਣੀ ਕਮੇਟੀ ਵਲੋਂ ਉਹ ਸੱਭ ਦਾ ਧੰਨਵਾਦ ਕਰਦੇ ਹਨ।
ਇਕੱਤਰਤਾ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਸ਼ੇਰ ਸਿੰਘ ਮੰਡਵਾਲਾ, ਭੁਪਿੰਦਰ ਸਿੰਘ ਅਸੰਧ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕੁਲਦੀਪ ਕੌਰ ਟੌਹੜਾ, ਜਸਮੇਰ ਸਿੰਘ ਲਾਛੜੂ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਲਖਮੀਰ ਸਿੰਘ, ਦਰਸ਼ਨ ਸਿੰਘ ਪੀ.ਏ., ਜਗੀਰ ਸਿੰਘ ਮੈਨੇਜਰ ਆਦਿ ਮੌਜੂਦ ਸਨ।
ਨੌਵੇਂ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਪੁਰਬ ਤੇ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਵਿਸ਼ਾਲ ਪੱਧਰ 'ਤੇ ਮਨਾਇਆ ਜਾਵੇਗਾ : ਭਾਈ ਲੌਂਗੋਵਾਲ
ਚੰਡੀਗੜ੍ਹ, 8 ਜੂਨ (ਨੀਲ): ਗੁਰਦਵਾਰਾ ਸ੍ਰੀ ਕਲਗੀਧਰ ਨਿਵਾਸ ਵਿਖੇ ਗਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਅੰਤ੍ਰਿੰਗ ਕਮੇਟੀ ਵਲੋਂ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਕੌਮਾਂਤਰੀ ਪੱਧਰ 'ਤੇ ਮਨਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ ਵੀ ਅਕਾਦਮਿਕ ਕਾਰਜਾਂ ਦੇ ਨਾਲ-ਨਾਲ ਸੈਮੀਨਾਰ ਅਤੇ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਦਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੀ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਮੁੱਖ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ 1 ਮਈ 2021 ਨੂੰ ਹੋਵੇਗਾ। ਗੁਰੂ ਸਾਹਿਬ ਜੀ ਦੇ ਇਸ ਮਹਾਨ ਦਿਹਾੜੇ ਸਬੰਧੀ ਪੰਜਾਬ, ਦਿੱਲੀ, ਮੁੰਬਈ ਸਮੇਤ ਕਈ ਵੱਡੇ ਸ਼ਹਿਰਾਂ ਵਿਚ ਸਮਾਗਮ ਕੀਤੇ ਜਾਣਗੇ। ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਨੂੰ ਪ੍ਰਚਾਰਨ ਲਈ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਹਰ ਸ਼ਤਾਬਦੀ ਸਬੰਧੀ ਵੱਖ-ਵੱਖ ਜਥੇਬੰਦੀਆਂ, ਸਭਾ-ਸੁਸਾਇਟੀਆਂ ਅਤੇ ਸੰਗਤਾਂ ਦ ਸਹਿਯੋਗ ਨਾਲ ਸਮਾਗਮ ਹੋਣਗੇ। ਸ਼ਤਾਬਦੀਆਂ ਲਈ ਉੱਚਤਾਕਤੀ ਸਬ-ਕਮੇਟੀਆਂ ਦਾ ਜਲਦ ਗਠਨ ਕੀਤਾ ਜਾਵੇਗਾ, ਤਾਂ ਜੋ ਉੱਚਿਤ ਰੂਪ ਰੇਖਾ ਤਿਆਰ ਕੀਤੀ ਜਾ ਸਕੇ। ਉਨ੍ਹਾਂ ਇਕ ਹੋਰ ਫ਼ੈਸਲੇ ਬਾਰੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦਵਾਰਾ ਸਾਹਿਬਾਨ ਅੰਦਰ ਇਕ-ਇਕ ਏਕੜ ਵਿਚ ਵਿਰਾਸਤੀ ਦਰਖ਼ਤ ਲਗਾਏ ਜਾਣਗੇ।