
ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਮਿਲੀ 7 ਸਾਲ ਦੀ ਸਜ਼ਾ, 3.22 ਕਰੋੜ ਦੀ ਧੋਖਾਧੜੀ 'ਚ ਦੋਸ਼ੀ ਕਰਾਰ
ਡਰਬਨ, 8 ਜੂਨ : ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫ਼ਰੀਕਾ ਦੀ ਡਰਬਨ ਦੀ ਇਕ ਅਦਾਲਤ ਨੇ ਸੱਤ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ | ਦਰਅਸਲ ਉਹਨਾਂ ਉਤੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ ਲੱਗੇ ਹਨ | ਸੋਮਵਾਰ ਨੂੰ ਕੋਰਟ ਨੇ ਆਸ਼ੀਸ਼ ਲਤਾ ਰਾਮਗੋਬਿਨ ਨੂੰ ਦੋਸ਼ੀ ਕਰਾਰ ਦਿਤਾ ਸੀ | ਆਸ਼ੀਸ਼ ਲਤਾ ਰਾਮਗੋਬਿਨ ਨੂੰ ਕੋਰਟ ਨੇ 6 ਮਿਲੀਅਨ ਦਖਣੀ ਅਫ਼ਰੀਕੀ ਰੈਂਡ (3 ਕਰੋੜ 22 ਲੱਖ 84 ਹਜ਼ਾਰ 460 ਭਾਰਤੀ ਰੁਪਏ) ਦੀ ਧੋਖਾਧੜੀ ਦੇ ਕੇਸ ਵਿਚ ਦੋਸ਼ੀ ਕਰਾਰ ਦਿਤੀ ਗਈ ਹੈ | ਆਸ਼ੀਸ਼ ਲਤਾ ਉਤੇ ਕਾਰੋਬਾਰੀ ਐਸਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਹੈ | ਐਸਆਰ ਮਹਾਰਾਜ ਨੇ ਲਤਾ ਨੂੰ ਇਕ ਕਨਸਾਈਨਮੈਂਟ ਦੇ ਦਰਾਮਦ ਅਤੇ ਕਸਟਮ ਡਿਊਟੀ ਨੂੰ ਕਥਿਤ ਤੌਰ 'ਤੇ ਕਲੀਅਰ ਕਰਵਾਉਣ ਲਈ 6.2 ਮਿਲੀਅਨ ਰੁਪਏ ਐਡਵਾਂਸ ਦਿਤੇ ਸੀ ਪਰ ਅਜਿਹਾ ਕੋਈ ਕਨਸਾਈਨਮੈਂਟ ਹੈ ਹੀ ਨਹੀਂ ਸੀ | ਜਦੋਂ 2015 ਵਿਚ ਲਤਾ ਰਾਮਗੋਬਿਨ ਵਿਰੁਧ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਨੈਸ਼ਨਲ ਪ੍ਰਾਸੀਕਿਊਸ਼ਨ ਅਥਾਰਟੀ (ਐਨਪੀਏ) ਦੇ ਬਿ੍ਗੇਡੀਅਰ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੰਭਾਵਤ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਜਾਅਲੀ ਚਲਾਨ ਅਤੇ ਦਸਤਾਵੇਜ਼ ਮੁਹਈਆ ਕਰਵਾਏ ਜਿਸ ਦੇ ਜ਼ਰੀਏ ਉਸ ਨੇ ਨਿਵੇਸ਼ਕਾਂ ਨੂੰ ਦਸਿਆ ਕਿ ਕਪੜੇ ਦੇ ਤਿੰਨ ਕੰਟੇਨਰ ਭਾਰਤ ਤੋਂ ਭੇਜੇ ਜਾ ਰਹੇ ਹਨ | ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ਉਤੇ ਰਿਹਾਅ ਕੀਤਾ ਗਿਆ ਸੀ | ਲਤਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਜ਼ਡ ਕਮਰਸ਼ੀਅਲ ਕੋਰਟ ਵਲੋਂ ਸਜ਼ਾ ਵਿਰੁਧ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ | (ਪੀਟੀਆਈ)