ਕਿਸੇ ਵੀ ਸ਼ਰਾਰਤੀ ਅਨਸਰ ਨੂੰ ਭਾਰਤੀ ਸਰਹੱਦ ਰਾਹੀਂ ਕਿਸੇ ਗਲਤ ਕੰਮ ਨੂੰ ਅੰਜਾਮ ਨਹੀਂ ਦੇਣ ਦੇਣਗੇ।
ਡੇਰਾ ਬਾਬਾ ਨਾਨਕ : ਅੱਜ ਡੇਰਾ ਬਾਬਾ ਨਾਨਕ ਸਥਿਤ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਸ੍ਰੀ ਕਰਤਾਰਪੁਰ ਕੋਰੀਡੋਰ ਗੇਟ ਜ਼ੀਰੋ ਲਾਈਨ 'ਤੇ ਬੀਐੱਸਐੱਫ ਦੇ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਦੇ ਡੀਆਈਜੀ ਤੇ ਬਟਾਲੀਅਨ ਦੇ ਸਮੂਹ ਕਮਾਂਡੈਂਟ ਤੇ ਪਾਕਿਸਤਾਨ ਦੀ ਚਨਾਬ ਰੇਂਜਰ ਦੇ ਬ੍ਰਿਗੇਡੀਅਰ ਸਾਹਿਦ ਅਯੂਬ ਦੀ ਅਗਵਾਈ ਹੇਠ ਪਾਕਿ ਕਮਾਂਡਰਾਂ ਦਰਮਿਆਨ ਡੇਢ ਘੰਟਾ ਮੀਟਿੰਗ ਚੱਲੀ।
ਇਸ ਮੌਕੇ 'ਤੇ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਇਸ ਮੀਟਿੰਗ ਵਿਚ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਪਿਛਲੇ ਸਮੇਂ ਤੋਂ ਹੋ ਰਹੀ ਨਸ਼ਾ ਤਸਕਰੀ ਤੇ ਡਰੋਨਾਂ ਦੀ ਘੁਸਪੈਠ ਸਬੰਧੀ ਬੀਐਸਐਫ ਵੱਲੋਂ ਪਾਕਿਸਤਾਨ ਦੇ ਚਨਾਬ ਰੇਂਜਰਾਂ ਦੇ ਬ੍ਰਿਗੇਡੀਅਰ ਤੇ ਰੇਂਜਰਾਂ ਨੂੰ ਜਾਣੂ ਕਰਵਾਇਆ ਤੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਵਾਲੇ ਪਾਸੇ ਤੋਂ ਪਾਕਿਸਤਾਨੀ ਡ੍ਰੋਨ ਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਨੂੰ ਪਾਕਿਸਤਾਨ ਵਾਲੇ ਪਾਸੇ ਬੈਠੇ ਗਲਤ ਅਨਸਰਾਂ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਹਨ।
ਇਸ ਮੌਕੇ 'ਤੇ ਡੀਆਈਜੀ ਤੇ ਵੱਖ-ਵੱਖ ਬਟਾਲੀਅਨ ਦੇ ਕਮਾਂਡੈਂਟ ਵੱਲੋਂ ਸਰਹੱਦ 'ਤੇ ਪਾਕਿ ਵਾਲੇ ਪਾਸੇ ਤੋਂ ਆਉਣ ਵਾਲੇ ਡਰੋਨ ਅਤੇ ਨਸ਼ਾ ਤਸਕਰੀ ਸਬੰਧੀ ਪਾਕਿ ਰੇਂਜਰਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ 'ਤੇ ਪਾਕਿਸਤਾਨ ਦੇ ਚਨਾਬ ਰੇਂਜਰਾਂ ਦੇ ਬ੍ਰਿਗੇਡੀਅਰ ਸ਼ਾਹਿਦ ਅਜੂਬ ਨੇ ਬੀਐਸਐਫ ਦੇ ਡੀਆਈਜੀ ਤੇ ਸਮੂਹ ਬਟਾਲੀਅਨਾਂ ਦੇ ਕਮਾਂਡੈਂਟਾ ਨੂੰ ਭਰੋਸਾ ਦਿਵਾਇਆ ਕਿ ਉਹ ਸਰਹੱਦ 'ਤੇ ਪੂਰੀ ਸਖ਼ਤੀ ਕਰਨਗੇ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਭਾਰਤੀ ਸਰਹੱਦ ਰਾਹੀਂ ਕਿਸੇ ਗਲਤ ਕੰਮ ਨੂੰ ਅੰਜਾਮ ਨਹੀਂ ਦੇਣ ਦੇਣਗੇ।
ਡੇਰਾ ਬਾਬਾ ਨਾਨਕ ਕਰਤਾਰਪੁਰ ਕੌਰੀਡੋਰ ਗੇਟ ਨਜ਼ਦੀਕ ਜ਼ੀਰੋ ਲਾਈਨ 'ਤੇ ਬੀਐਸਐਫ ਦਿ ਡੀਏਵੀ ਪ੍ਰਭਾਕਰ ਜੋਸ਼ੀ ਦੀ ਦੇਖ ਰੇਖ ਹੇਠ ਪਾਕਿ ਰੇਂਜਰਾਂ ਦਰਮਿਆਨ ਸ਼ਾਂਤੀਪੂਰਵਕ ਹੋਈ ਮੀਟਿੰਗ ਦੌਰਾਨ ਬੀਐਸਐਫ ਵੱਲੋਂ ਪਾਕਿ ਬ੍ਰਿਗੇਡੀਅਰ, ਰੇਂਜਰਾਂ ਤੇ ਪਾਕਿ ਕਮਾਂਡਰਾਂ ਨੂੰ ਚਾਹ ਪਿਆਈ ਗਈ ਉਪਰੰਤ ਉਨ੍ਹਾਂ ਨੂੰ ਸੇਬ ਤੇ ਅੰਬ ਫਰੂਟ ਦੀ ਨੌਕਰੀ ਤੋਹਫ਼ੇ ਵਜੋਂ ਭੇਟ ਕੀਤੀਆਂ ਗਈਆਂ।