
ਰਵਨੀਤ ਨੇ ਕਿਹਾ- ਭਾਜਪਾ ਨੇ ਸੁਪਨਾ ਸਾਕਾਰ ਕੀਤਾ
Ravneet Bittu : ਨਰਿੰਦਰ ਮੋਦੀ ਨੇ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਰਹੇ ਸੰਸਦ ਮੈਂਬਰਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸੰਸਦ ਮੈਂਬਰਾਂ ਵਿੱਚ ਰਵਨੀਤ ਸਿੰਘ ਬਿੱਟੂ ਦਾ ਨਾਂ ਵੀ ਸ਼ਾਮਲ ਹੈ, ਜੋ ਪੰਜਾਬ ਤੋਂ ਸਿੱਖ ਚਿਹਰੇ ਵਜੋਂ ਮੋਦੀ ਸਰਕਾਰ ਦਾ ਹਿੱਸਾ ਹੋਣਗੇ।
ਰਵਨੀਤ ਬਿੱਟੂ ਨੇ ਮੋਦੀ ਮੰਤਰੀ ਮੰਡਲ ਵਿੱਚ ਆਪਣੀ ਥਾਂ ਬਣਾ ਲਈ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਹੁੰ ਚੁਕਾਈ ਹੈ। ਇਸ ਵਾਰ ਪੰਜਾਬ ਤੋਂ ਭਾਜਪਾ ਦਾ ਕੋਈ ਵੀ ਆਗੂ ਸੰਸਦ ਮੈਂਬਰ ਨਹੀਂ ਬਣ ਸਕਿਆ। ਭਾਵੇਂ ਬਿੱਟੂ ਚੋਣ ਹਾਰ ਗਏ ਹਨ ਪਰ ਫਿਰ ਵੀ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ। ਉਮੀਦ ਹੈ ਕਿ ਬਿੱਟੂ ਨੂੰ ਜਲਦੀ ਹੀ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਭੇਜਿਆ ਜਾਵੇਗਾ। ਇਸ ਸਮੇਂ ਉਨ੍ਹਾਂ ਦੇ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਦੇ ਪਾਰਟੀ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ।
ਐਤਵਾਰ ਸਵੇਰੇ ਹੀ ਰਵਨੀਤ ਬਿੱਟੂ ਨੇ ਮੰਤਰੀ ਬਣਨ ਦੇ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ। ਰਵਨੀਤ ਬਿੱਟੂ ਨੇ ਦੱਸਿਆ ਕਿ 'ਮੈਂ ਹੁਣ ਪੰਜਾਬ ਲਈ ਪੁਲ ਦਾ ਕੰਮ ਕਰਾਂਗਾ। ਪਾਰਟੀ ਅਤੇ ਲੀਡਰਸ਼ਿਪ ਨੇ ਤਾਂ ਆਪਣਾ ਕੰਮ ਕਰਤਾ। ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਇੱਕੋ ਜਿਹੇ ਹਨ। ਸਾਰਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਭਾਜਪਾ ਨੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਅੰਮ੍ਰਿਤਸਰ ਤੋਂ ਚੋਣ ਹਾਰੇ ਤਰਨਜੀਤ ਸਿੰਘ ਸੰਧੂ, ਬਠਿੰਡਾ ਤੋਂ ਹਾਰਨ ਵਾਲੀ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਅਤੇ ਫਰੀਦਕੋਟ ਤੋਂ ਹਾਰੇ ਗਾਇਕ ਹੰਸ ਰਾਜ ਹੰਸ ਦੀ ਜਗ੍ਹਾ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਹੈ।