
ਕੇਂਦਰੀ ਮੰਤਰੀ ਜਯੰਤ ਸਿਨਹਾ ਦੇ ਗਊ ਰਖਿਆ ਦੇ ਨਾਮ 'ਤੇ ਹਤਿਆ ਕਰਨ ਦੇ ਦੋਸ਼ੀਆਂ ਨਾਲ ਮੁਲਾਕਾਤ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਇਕ ਹੋਰ ਮੰਤਰੀ ਇਸ...
ਨਵੀਂ ਦਿੱਲੀ, ਕੇਂਦਰੀ ਮੰਤਰੀ ਜਯੰਤ ਸਿਨਹਾ ਦੇ ਗਊ ਰਖਿਆ ਦੇ ਨਾਮ 'ਤੇ ਹਤਿਆ ਕਰਨ ਦੇ ਦੋਸ਼ੀਆਂ ਨਾਲ ਮੁਲਾਕਾਤ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਇਕ ਹੋਰ ਮੰਤਰੀ ਇਸ ਤਰ੍ਹਾਂ ਦੇ ਵਿਵਾਦ ਵਿਚ ਘਿਰ ਗਏ ਹਨ। ਗਿਰੀਰਾਜ ਸਿੰਘ ਨੇ ਕਲ ਬਿਹਾਰ ਵਿਚ ਫ਼ਿਰੂਕ ਦੰਗੇ ਭੜਕਾਉਣ ਦੇ ਦੋਸ਼ ਹੇਠ ਜੇਲ ਵਿਚ ਬੰਦ ਹਿੰਦੂਵਾਦੀ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਅੱਜ ਉਹ ਨਵਾਦਾ ਵਿਚ ਭੜਕੇ ਦੰਗਿਆਂ ਦੇ ਮੁਲਜ਼ਮ ਵਿਅਕਤੀ ਦੇ ਪਰਵਾਰ ਨੂੰ ਮਿਲਣ ਉਸ ਦੇ ਘਰ ਪਹੁੰਚ ਗਏ।
ਗਿਰੀਰਾਜ ਸਿੰਘ ਨੇ ਕਲ ਫ਼ਿਰਕੂ ਦੰਗੇ ਭੜਕਾਉਣ ਦੇ ਮੁਲਜ਼ਮ ਹਿੰਦੂ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਦੰਗੇ ਦੇ ਇਕ ਹੋਰ ਮੁਲਜ਼ਮ ਦੇ ਪਰਵਾਰ ਨੂੰ ਮਿਲਣ ਸਮੇਂ ਰੋਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਿਚ ਰਹਿ ਕੇ ਉਹ ਵੀ ਕੁੱਝ ਨਹੀਂ ਕਰ ਸਕੇ। ਉਨ੍ਹਾਂ ਕਿਹਾ, 'ਦੋਹਾਂ ਆਗੂਆਂ ਨੂੰ ਫਸਾਇਆ ਗਿਆ ਹੈ। ਇਨ੍ਹਾਂ ਆਗੂਆਂ ਨੇ ਨਵਾਦਾ ਵਿਚ ਪਿਛਲੇ ਇਕ ਸਾਲ ਵਿਚ ਫ਼ਿਰਕੂ ਤਣਾਅ ਦੌਰਾਨ ਸ਼ਾਂਤੀ ਕਾਇਮ ਰੱਖਣ ਵਿਚ ਵੱਡੀ ਭੂਮਿਕਾ ਨਿਭਾਈ ਹੈ।
ਇਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।' ਉਨ੍ਹਾਂ ਕਿਹਾ, 'ਪਿਛਲੇ ਸਾਲ ਰਾਮਨੌਮੀ ਅਤੇ ਉਸ ਦੇ ਕੁੱਝ ਦਿਨਾਂ ਮਗਰੋਂ ਮੂਰਤੀ ਤੋੜੇ ਜਾਣ ਤੋਂ ਲੈ ਕੇ ਨਵਾਦਾ ਵਿਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਮਾਹੌਲ ਨੂੰ ਸ਼ਾਂਤ ਕਰਨ ਲਈ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਇਨ੍ਹਾਂ ਕਾਰਕੁਨਾਂ ਨੂੰ ਜੋ ਭੂਮਿਕਾ ਨਿਭਾਈ, ਉਹ ਕਾਬਲੇ ਤਾਰੀਫ਼ ਹੈ।'ਉਧਰ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗਿਰੀਰਾਜ ਸਿੰਘ ਨੂੰ ਅਸਿੱਧੇ ਤੌਰ 'ਤੇ ਕਿਹਾ ਕਿ ਸਮਾਜਕ ਮਾਹੌਲ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। (ਏਜੰਸੀ)