
ਸਾਧਾਰਣ ਕਿਸਾਨ ਦਾ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂੰ ਬਣਿਆ ਫ਼ਲਾਈਂਗ ਅਫ਼ਸਰ
ਸ੍ਰੀ ਖਡੂਰ ਸਾਹਿਬ, 8 ਜੁਲਾਈ (ਕੁਲਦੀਪ ਸਿੰਘ ਮਾਨ) : ਤਰਨ ਤਾਰਨ ਜ਼ਿਲ੍ਹੇ ਦੇ ਚੌਧਰੀਵਾਲਾ ਪਿੰਡ (ਨੌਸ਼ਹਿਰਾ ਪੰਨੂਆਂ) ਦੇ ਇਕ ਸਾਧਾਰਣ ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂੰ ਨੂੰ ਇਲਾਕੇ ਦੇ ਲੋਕਾਂ ਵਲੋਂ ਜਿਸ ਨੂੰ ਭਾਰਤੀ ਹਵਾਈ ਸੈਨਾ ਵਿਚ ਸਿੱਧਾ ਫ਼ਲਾਈਂਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਨੂੰ ਬਹੁਤ ਸਾਰੀਆਂ ਮੁਬਾਰਕਾਂ ਦਿਤੀਆਂ ਗਈਆਂ।
ਆਦੇਸ਼ ਪ੍ਰਕਾਸ਼ ਸਿੰਘ ਪੰਨੂ ਦੇ ਭਾਰਤੀ ਹਵਾਈ ਸੈਨਾ ਵਿਚ ਸਿੱਧਾ ਫ਼ਲਈਂਗ ਅਫ਼ਸਰ ਨਿਯੁਕਤ ਕੀਤੇ ਜਾਣ ’ਤੇ ਨੌਸਹਿਰਾ ਪੰਨੂੰਆ ਇਲਾਕੇ ਦੇ ਲੋਕਾਂ ਵਿਚ ਭਾਰੀ ਖ਼ੁਸ਼ੀ ਦੇਖੀ ਜਾ ਰਹੀ ਹੈ ਅਤੇ ਲੋਕਾਂ ’ਤੇ ਪਿੰਡ ਵਾਸੀਆਂ ਵਲੋਂ ਆਦੇਸ਼ ਪ੍ਰਕਾਸ਼ ਪੰਨੂੰ ਦੇ ਪ੍ਰਵਾਰ ਨੂੰ ਵਧਾਈਆਂ ਦਿਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਆਦੇਸ਼ ਪ੍ਰਕਾਸ਼ ਸਿੰਘ ਐਨ.ਡੀ.ਏ ਨਿਸ਼ਾਨ-ਏ-ਸਿੱਖੀ ਅਕੈਡਮੀ, ਖਡੂਰ ਸਾਹਿਬ, ਤਰਨ ਤਾਰਨ ਦਾ ਵਿਦਿਆਰਥੀ ਹੈ ਅਤੇ ਅਜੇ ਸਿਰਫ਼ 19 ਸਾਲਾਂ ਦਾ ਹੈ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਇੰਡੀਅਨ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਬਣਨ ’ਤੇ ਮੁਬਾਰਕਬਾਦ ਦਿਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਮੁਬਾਰਕਬਾਦ ਅਪਣੇ ਫ਼ੇਸਬੁੱਕ ਪੇਜ਼ ’ਤੇ ਇਕ ਪੋਸਟ ਪਾ ਕੇ ਦਿਤੀ ਹੈ। ਫ਼ੇਸਬੁੱਕ ਪੇਜ਼ ’ਤੇ ਸਾਂਝੀ ਕੀਤੀ ਪੋਸਟ ’ਚ ਕੈਪਟਨ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਵਿਚ ਬਤੌਰ ਫ਼ਲਾਈਂਗ ਅਫ਼ਸਰ ਬਣਨ ’ਤੇ ਮੇਰੇ ਵਲੋਂ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਤਰਨਤਾਰਨ ਦੇ ਕਿਸਾਨੀ ਪਰਵਾਰ ਤੋਂ ਨਾਤਾ ਰੱਖਣ ਵਾਲਾ ਨੌਜਵਾਨ ਆਦੇਸ਼ ਸਾਰੇ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਹੈ ਜਿਨ੍ਹਾਂ ਨੇ ਐਨਡੀਏ ਸਿਖਲਾਈ ਅਕੈਡਮੀ ਨਿਸ਼ਾਨ-ਏ-ਸਿੱਖੀ ਵਿਚ ਮਿਹਨਤ ਕਰ ਕੇ ਅੱਜ ਇਹ ਮੁਕਾਮ ਹਾਸਿਲ ਕੀਤਾ। ਮੇਰੀਆਂ ਸ਼ੁਭਕਾਮਨਾਵਾਂ, ਆਦੇਸ਼ ਦੇ ਨਾਲ ਹਨ। ਵਾਹਿਗੁਰੂ ਜੀ ਉਸ ਨੂੰ ਤਰੱਕੀਆਂ ਬਖ਼ਸ਼ਣ।’