
ਮੰਡੀਆਂ ਜ਼ਰੀਏ ਕਿਸਾਨਾਂ ਤਕ ਪਹੁੰਚਣਗੇ ਇਕ ਲੱਖ ਕਰੋੜ ਰੁਪਏ : ਨਰੇਂਦਰ ਤੋਮਰ
ਪ੍ਰਧਾਨ ਮੰਤਰੀ ਨੇ ਨਵੀਂ ਕੈਬਨਿਟ ਨਾਲ ਕੀਤੀ ਮੀਟਿੰਗ, ਲਏ ਕਈ ਵੱਡੇ ਫ਼ੈਸਲੇ
ਨਵੀਂ ਦਿੱਲੀ, 8 ਜੁਲਾਈ : ਕੈਬਨਿਟ 'ਚ ਵੱਡੇ ਫੇਰਬਦਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੰਤਰੀ ਮੰਡਲ ਨਾਲ ਮੀਟਿੰਗ ਕੀਤੀ | ਮੰਤਰੀ ਮੰਡਲ ਵਿਚ ਵੱਡੇ ਬਦਲਾਅ ਤੋਂ ਬਾਅਦ ਮੰਤਰੀ ਮੰਡਲ ਦੀ ਇਹ ਪਹਿਲੀ ਬੈਠਕ ਸੀ | ਇਹ ਮੀਟਿੰਗ ਵਰਚੂਅਲੀ ਕੀਤੀ ਗਈ | ਸਾਰੇ 30 ਕੈਬਨਿਟ ਮੰਤਰੀਆਂ ਨੇ ਇਸ ਵਿਚ ਹਿੱਸਾ ਲਿਆ | ਇਸ ਵਿਚ ਖੇਤੀ ਸੈਕਟਰ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ | ਇਸ ਦੇ ਤਹਿਤ ਕਿਸਾਨਾਂ ਨੂੰ ਲਾਭ ਦਿਤਾ ਜਾਵੇਗਾ |
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੈਬਨਿਟ ਬੈਠਕ ਬਾਰੇ ਦਸਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਜਰੀਏ 1 ਲੱਖ ਕਰੋੜ ਰੁਪਏ ਪਹੁੰਚਣਗੇ | ਇਸ ਤੋਂ ਇਲਾਵਾ ਤੋਮਰ ਨੇ ਦਸਿਆ ਕਿ ਦੇਸ਼ ਵਿਚ ਨਾਰੀਅਲ ਦੀ ਖੇਤੀ ਵੱਡੇ ਪੱਧਰ 'ਤੇ ਹੁੰਦੀ ਹੈ, ਇਸ ਲਈ ਸਰਕਾਰ ਨੇ ਨਾਰੀਅਲ ਵਿਕਾਸ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ |
ਨਾਰੀਅਲ ਵਿਕਾਸ ਬੋਰਡ 'ਚ ਸੀ. ਈ. ਓ. ਦੀ ਨਿਯੁਕਤੀ ਹੋਵੇਗੀ | ਤੋਮਰ ਨੇ ਕਿਹਾ ਕਿ ਸਰਕਾਰ ਮੰਡੀਆਂ ਨੂੰ ਹੋਰ ਮਜਬੂਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਏ. ਪੀ. ਐਮ. ਸੀ. ਮੰਡੀਆਂ 1 ਲੱਖ ਕਰੋੜ ਦੇ ਫ਼ੰਡ ਦੀ ਵਰਤੋਂ ਕਰ ਸਕਣਗੀਆਂ | ਖੇਤੀ ਮੰਤਰੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਕਿਹਾ, ਉਹ ਕਰਨ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਮੂਹਾਂ ਨੂੰ 2 ਕਰੋੜ ਰੁਪਏ ਤਕ ਦੇ ਕਰਜ਼ਿਆਂ 'ਤੇ 3 ਫ਼ੀ ਸਦੀ ਵਿਆਜ ਦੀ ਛੋਟ ਦਿਤੀ ਜਾਵੇਗੀ | ਜੇ ਕੋਈ ਵਿਅਕਤੀ ਇਕ ਤੋਂ ਵੱਧ ਪ੍ਰਾਜੈਕਟ ਲਗਾਉਂਦਾ ਹੈ, ਤਾਂ ਇਨ੍ਹਾਂ ਪ੍ਰਾਜੈਕਟਾਂ ਦੀ ਅਧਿਕਤਮ ਸੀਮਾ 25 ਹੋ ਸਕਦੀ ਹੈ ਅਤੇ ਇਹ ਵੱਖ-ਵੱਖ ਖੇਤਰਾਂ ਵਿਚ ਹੋਵੇਗੀ | ਇਨ੍ਹਾਂ 'ਤੇ 2 ਕਰੋੜ ਰੁਪਏ ਦਾ ਵਖਰਾ ਕਰਜ਼ਾ ਦਿਤਾ ਜਾਵੇਗਾ ਅਤੇ ਵਿਆਜ ਮੁਆਫ਼ ਕੀਤਾ ਜਾਵੇਗਾ | ਜੇ ਖੇਤੀਬਾੜੀ ਉਪਜ ਮੰਡੀ ਦੇ ਖੇਤਰ ਵਿਚ ਕਿਸਾਨਾਂ ਲਈ ਇਕ ਤੋਂ ਵੱਧ ਪ੍ਰਾਜੈਕਟ ਲਿਆਉਂਦੀ ਹੈ, ਤਾਂ ਉਨ੍ਹਾਂ ਨੂੰ ਵੀ ਅਜਿਹੇ ਕਰਜ਼ੇ ਦਿਤੇ ਜਾਣਗੇ | (ਪੀ.ਟੀ.ਆਈ)