
ਹਰਦੀਪ ਸਿੰਘ ਪੁਰੀ ਦੇ ਮੰਤਰੀ ਦਾ ਅਹੁਦਾ ਸੰਭਾਲਣ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਫਿਰ ਨਵੇਂ ਸਿਖਰਾਂ ’ਤੇ
ਨਵੀਂ ਦਿੱਲੀ, 8 ਜੁਲਾਈ : ਹਰਦੀਪ ਸਿੰਘ ਪੁਰੀ ਦੇ ਨਵੇਂ ਪਟਰੌਲੀਅਮ ਮੰਤਰੀ ਵਜੋਂ ਅਹੁਦਾ ਸੰਭਾਲਣ ਦੇ ਨਾਲ ਹੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਨਵੀਂ ਉਚਾਈ ’ਤੇ ਪਹੁੰਚ ਗਈ। ਪੁਰੀ ਨੇ ਇਸ ਮੰਤਰਾਲੇ ’ਚ ਧਰਮਿੰਦਰ ਪ੍ਰਧਾਨ ਦੀ ਥਾਂ ਲਈ ਹੈ। ਸਰਕਾਰੀ ਪਟਰੌਲੀਅਮ ਕੰਪਨੀਆਂ ਨੇ ਪਟਰੌਲ ਦੀ ਕੀਮਤ ’ਚ ਵੀਰਵਾਰ ਨੂੰ 35 ਪੈਸਾ ਪ੍ਰਤੀ ਲੀਟਰ ਜਦਕਿ ਡੀਜ਼ਲ ’ਚ 9 ਪੈਸੇ ਦਾ ਵਾਧਾ ਕੀਤਾ। ਸਥਾਨਕ ਟੈਕਸਾਂ ਅਤੇ ਢੁਆਈ ਖ਼ਰਚ ਆਦਿ ਦੇ ਚੱਲਦੇ ਵੱਖ ਵੱਖ ਸੂਬਿਆਂ ’ਚ ਤੇਲ ਦੀਆਂ ਕੀਮਤਾਂ ਵੱਖ ਵੱਖ ਹੋ ਸਕਦੀਆਂ ਹਨ। ਤੇਲ ਦੀਆਂ ਕੀਮਤਾਂ ’ਚ ਨਵੇਂ ਵਾਧੇ ਨਾਲ ਉਨ੍ਹਾਂ ਦੀਆਂ ਕੀਮਤਾਂ ਇਕ ਨਵੇ ਸਿਖਰ ’ਤੇ ਪਹੁੰਚ ਗਈਆਂ ਹਨ।
ਪੁਰੀ ਨੇ ਮੰਤਰੀ ਅਹੁਦਾ ਸੰਭਾਲਣ ਦੇ ਬਾਅਦ ਕਿਹਾ ਕਿ ਉਹ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਮਿਲਣ ਦੇ ਬਾਅਦ ਹੀ ਇਸ ਵਿਸ਼ੇ ’ਤੇ ਕੋਈ ਟਿੱਪਣੀ ਕਰਨਗੇ। ਉਨ੍ਹਾਂ ਕਿਹਾ, ‘‘ਮੈਨੂੰ ਥੋੜਾ ਸਮਾਂ ਦਿਉ। ਮੈਨੂੰ ਵਿਸ਼ਿਆਂ ’ਤੇ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ। ਮੈਂ ਇਸ ਇਮਾਰਤ ’ਚ ਹਾਲੇ ਕਦਮ ਹੀ ਰਖਿਆ ਹੈ, ਅਜਿਹੇ ’ਚ ਮੇਰੇ ਲਈ ਇਸ ’ਤੇ ਕੁੱਝ ਕਹਿਣਾ ਗ਼ਲਤ ਹੋਵੇਗਾ।’’
ਅੱਧੇ ਤੋਂ ਵੱਧ ਦੇਸ਼ ’ਚ ਪਹਿਲਾਂ ਹੀ 100 ਰੁਪਏ ਦਾ ਅੰਕੜਾ ਪਾਰ ਕਰ ਚੁੱਕੇ ਪਟਰੌਲ ਦੀ ਕੀਮਤ ਦਿੱਲੀ ’ਚ ਵੱਧ ਕੇ 100.56 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ’ਚ 106.59 ਰੁਪਏ ਪ੍ਰਤੀ ਲੀਟਰ ਹੋ ਗਈ। ਉਥੇ ਹੀ ਦਿੱਲੀ ’ਚ ਡੀਜ਼ਲ ਦੀ ਕੀਮਤ ਵੱਧ ਕੇ 89.62 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ’ਚ 97.18 ਰੁਪਏ ਹੋ ਗਿਆ ਹੈ। (ਏਜੰਸੀ)