
ਵਨੀਤ ਨੇ ਕਿਹਾ ਕਿ ਜਦੋਂ ਉਸ ਨੇ 3 ਲੋਕਾਂ ਨਾਲ ਮਿਲ ਕੇ ਧਰਨਾ ਲਗਾਇਆ ਤਾਂ ਉਸ ਨੂੰ ਪੁੱਠੇ ਕੁਮੈਂਟ ਕੀਤੇ ਗਏ
ਚੰਡੀਗੜ੍ਹ (ਸ਼ਿਖਾ ਸੰਧੀਰ/ਵੀਰਪਾਲ ਕੌਰ): ਪਾਦਰੀ ਅੰਕੁਰ ਨਰੂਲਾ ਵਿਰੁਧ ਪਿਛਲੇ ਇਕ ਸਾਲ ਤੋਂ ਲੜਾਈ ਲੜ ਰਹੀ ਵਨੀਤ ਨਾਲ ਰੋਜ਼ਾਨਾ ਸਪੋਕਸਮੈਨ ਨੇ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਵਨੀਤ ਨੇ ਦਸਿਆ ਕਿ ਉਸ ਨੇ ਇਬਰਾਹਿਮ ਜੌਹਨ ਤੇ ਦਲਜੀਤ ਮਾਨ ਨਾਲ ਮਿਲ ਕੇ ਦਿੱਲੀ ਵਿਚ ਧਰਨਾ ਲਗਾਇਆ ਸੀ ਜਿਸ ਦੇ ਪਿਛੇ ਕਾਰਨ ਇਹ ਸੀ ਕਿ 2018 ਵਿਚ ਪਾਦਰੀ ਅੰਕੁਰ ਨਰੂਲਾ ਨੇ ਬਾਈਬਲ ਦਾ ਕੇਕ ਬਣਾ ਕੇ ਚਾਕੂ ਨਾਲ ਕਟਿਆ ਗਿਆ ਹੈ ਤੇ ਉਸ ਸਮੇਂ ਤੋਂ ਲੈ ਕੇ ਹੁਣ ਤਕ ਅੰਕੁਰ ਨਰੂਲਾ ਵਿਰੁਧ ਇਕ ਵੀ ਪਰਚਾ ਦਰਜ ਨਹੀਂ ਕੀਤਾ ਗਿਆ।
ਵਨੀਤ ਨੇ ਕਿਹਾ ਕਿ ਜਦੋਂ ਉਸ ਨੇ 3 ਲੋਕਾਂ ਨਾਲ ਮਿਲ ਕੇ ਧਰਨਾ ਲਗਾਇਆ ਤਾਂ ਉਸ ਨੂੰ ਪੁੱਠੇ ਕੁਮੈਂਟ ਕੀਤੇ ਗਏ। ਉਸ ਨੇ ਕਿਹਾ ਕਿ ਉਸ ਨੂੰ ਇਕ ਸੈਕਸ ਵਰਕਰ ਤਕ ਵੀ ਕਹਿ ਦਿਤਾ ਗਿਆ ਤੇ ਪੁਛਿਆ ਗਿਆ ਕਿ ਉਹ ਗੁਰਦੁਆਰਾ ਸਾਹਿਬ ਵਿਚ ਕੀ ਕਰਦੀ ਹੈ, ਉਸ ਨੂੰ ਗੁਰਦੁਆਰੇ ਨਹੀਂ ਜਾਣਾ ਚਾਹੀਦਾ, ਲੰਗਰ, ਪ੍ਰਸ਼ਾਦ ਨਹੀਂ ਖਾਣਾ ਚਾਹੀਦਾ, ਜਿਹੜਾ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਹੈ, ਉਹ ਸ਼ੈਤਾਨ ਹੈ।
ਅਪਣੇ ਜੇਲ ਜਾਣ ਬਾਰੇ ਵਨੀਤ ਨੇ ਕਿਹਾ ਕਿ ਜਿਸ ਦਿਨ ਉਸ ਨੇ ਧਰਨਾ ਲਗਾਇਆ ਸੀ। ਅੰਕੁਰ ਨਰੂਲਾ ਨੇ ਉਸ ਦਿਨ ਹੀ ਉਸ ਵਿਰੁਧ ਪਰਚਾ ਦਰਜ ਕਰਵਾ ਦਿਤਾ ਸੀ। ਉਸ ਨੂੰ ਸੈਕਸ ਵਰਕਰ ਕਹੇ ਜਾਣ ’ਤੇ ਵਨੀਤ ਨੇ ਅੰਕੁਰ ਨਰੂਲਾ ਨੂੰ ਚੇਤਾਵਨੀ ਦਿਤੀ ਕਿ ਉਹ ਉਸ ਨੂੰ ਸੈਕਸ ਵਰਕਰ ਸਾਬਤ ਕਰ ਕੇ ਦਿਖਾ ਦੇਵੇ ਤੇ ਕਿਸੇ ਨਾਲ ਵੀ ਉਸ ਦੀ ਅਸ਼ਲੀਲ ਵੀਡੀਉ ਲਿਆ ਕੇ ਦਿਖਾ ਦੇਵੇ। ਉਸ ਨੇ ਕਿਹਾ ਕਿ ਰਮਨਦੀਪ ਮਾਠ ਦਾ ਸੱਭ ਨੂੰ ਪਤਾ ਹੈ ਕਿ ਉਹ ਕਿਸ ਨਾਲ ਘੁੰਮਦਾ ਹੈ ਤੇ ਕੀ ਕਰਦਾ ਹੈ।
ਉਸ ਨੇ ਦਸਿਆ ਕਿ ਉਸ ਨੂੰ ਹਰਦਾਸਪੁਰ ਵਿਚੋਂ ਗਿ੍ਰਫ਼ਤਾਰ ਕੀਤਾ ਗਿਆ ਸੀ ਤੇ ਉਹ ਤਾਜਪੁਰ ਵਿਚ ਰਹਿੰਦੀ ਹੈ। ਉਸ ਨੇ ਦਸਿਆ ਕਿ ਹਰਦਾਸਪੁਰ ਵਿਚ ਉਸ ਦੀ ਭੈਣ ਰਹਿੰਦੀ ਹੈ ਤੇ ਉਹ ਯਿਸੂ ਮਸੀਹ ਵਿਚ ਵਿਸ਼ਵਾਸ ਰਖਦੀ ਹੈ। ਉਹ ਉਸ ਦੇ ਘਰ ਸਤਿਸੰਗ ਕਰਦੇ ਸੀ ਹਾਲਾਂਕਿ ਉਸ ਦੇ ਘਰ ਕੋਈ ਚਰਚਾ ਨਹੀਂ ਸੀ ਪਰ ਉਹ ਸਾਰੇ ਮਿਲ ਕੇ ਰੱਬ ਦਾ ਨਾਮ ਲੈਂਦੇ ਸੀ। ਜਦੋਂ ਉਸ ਨੂੰ ਇਹ ਪੁਛਿਆ ਗਿਆ ਕਿ ਜੇ ਉਹ ਸੱਚੀ ਸੀ ਤਾਂ ਜੇਲ ਵਿਚ ਉਸ ਨੂੰ ਮਿਲਣ ਜਾਂ ਉਸ ਨੂੰ ਛੁਡਵਾਉਣ ਲਈ ਉਸ ਦੇ ਪ੍ਰਵਾਰ ਵਿਚੋਂ ਕੋਈ ਕਿਉਂ ਨਹੀਂ ਆਇਆ?
ਇਸ ਸਵਾਲ ਦੇ ਜਵਾਬ ਵਿਚ ਵਨੀਤ ਨੇ ਕਿਹਾ ਕਿ ਉਹ ਟਾਟਾ ਨਗਰ ਜਮਸ਼ੇਦਪੁਰ ਦੀ ਰਹਿਣ ਵਾਲੀ ਹੈ ਤੇ ਉਸ ਦੇ ਘਰਵਾਲੇ ਵਿਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਜੇਲ ਆ ਸਕੇ ਤੇ ਦੂਜਾ ਮੇਰੇ ਮੱਥੇ ’ਤੇ ਜੇਲ ਦਾ ਟੈਗ ਲੱਗ ਗਿਆ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਵੀ ਕਿਹਾ ਜਾਣ ਲੱਗਾ ਸੀ ਕਿ ਉਸ ਨੇ ਇਬਰਾਹਿਮ ਜਾਨ ਨਾਲ ਵਿਆਹ ਕਰਵਾ ਲਿਆ ਹੈ। ਜੇ ਕਿਸੇ ਦੇ ਪਤੀ ਨੂੰ ਇਹ ਪਤਾ ਚਲੇਗਾ ਕਿ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਤਾਂ ਕੀ ਉਹ ਤੁਹਾਨੂੰ ਅਪਣੇ ਨਾਲ ਰੱਖੇਗਾ।
ਵਨੀਤ ਨੇ ਅਪਣੀ ਵੀਡੀਉ ਕਲਿੱਪ ਨੂੰ ਲੈ ਕੇ ਕਿਹਾ ਕਿ ਉਹ ਅਪਣੀ ਵੀਡੀਉ ਕਲਿੱਪ ਨੂੰ ਲੈ ਕੇ ਸਪੱਸ਼ਟੀਕਰਨ ਦੇ ਰਹੀ ਸੀ ਪਰ ਕਿਸੇ ਨੇ ਸੁਣਿਆ ਨਹੀਂ। ਵਨੀਤ ਨੇ ਸਿੱਧੇ ਤੌਰ ’ਤੇ ਅੰਕੁਰ ਨਰੂਲਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਦਲਜੀਤ ਮਾਨ ਤੇ ਇਬਰਾਹਿਮ ਜਾਨ ਤੋਂ ਬਿਨਾਂ ਕਿਸੇ ਹੋਰ ਨਾਲ ਉਸ ਦੀ ਅਸ਼ਲੀਲ ਵੀਡੀਉ ਕੱਢ ਕੇ ਦਿਖਾਵੇ ਤਾਂ ਉਹ ਫਿਰ ਮੰਨੇਗੀ। ਉਸ ਨੇ ਕਿਹਾ ਕਿ ਦਲਜੀਤ ਮਾਨ ਨੇ ਉਸ ਨੂੰ ਪਟੀਸ਼ਨ ਪਾ ਕੇ ਜੇਲ ਤੋਂ ਬਾਹਰ ਕਰਵਾਇਆ ਹੈ ਤੇ ਇਹ ਮੈਨੂੰ ਉਸ ਨਾਲ ਹੀ ਬਦਨਾਮ ਕਰ ਰਿਹਾ ਹੈ।
ਕੀ ਕਹਿਣਾ ਹੈ ਅੰਕੁਰ ਨਰੂਲਾ ਦੇ ਸਮਰਥਕਾਂ ਦਾ
ਅੰਕੁਰ ਨਰੂਲਾ ਦੇ ਸਮਰਥਕਾਂ ਨੇ ਕੁੱਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰ ਕੇ ਵਨੀਤ ਨੂੰ ਗਲਤ ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਵਨੀਤ ਨਾਮ ਦੀ ਮਹਿਲਾ ਮਸੀਹ ਤੇ ਸਿੱਖ ਭਾਈਚਾਰੇ ਖਿਲਾਫ਼ ਗਲਤ ਪ੍ਰਚਾਰ ਕਰ ਰਹੀ ਹੈ ਤੇ ਉਹਨਾਂ ਕੋਲ ਵੀ ਵਨੀਤ ਖਿਲਾਫ਼ ਸਬੂਤ ਹਨ ਜਿਸ ਨਾਲ ਉਹ ਗਲਤ ਸਾਬਿਤ ਹੋਵੇਗੀ।
ਨਰੂਲਾ ਦੇ ਸਮਰਥਕਾਂ ਨੇ ਕਿਹਾ ਕਿ ਵਨੀਤ ਕਿਸੇ ਵੱਡੇ ਚਿਹਰੇ ਨੂੰ ਫੜ ਕੇ ਬਦਨਾਮ ਕਰਦੀ ਹੈ ਤੇ ਪਿਛਲੇ ਦਿਨੀਂ ਉਸ ਨੇ ਉਹਨਾਂ ਤੋਂ 10 ਕਰੋੜ ਰੁਪਏ ਤੇ ਜਾਇਦਾਦ ਮੰਗੀ ਹੈ। ਪਾਦਰੀ ਅੰਕੁਰ ਨਰੂਲਾ ਦੇ ਸਮਰਥਕਾਂ ਨੇ ਇਹ ਵੀ ਕਿਹਾ ਕਿ ਵਨੀਤ ਨੇ ਉਹਨਾਂ ਦੇ ਸਾਥੀ ਬੰਟੀ ਅਜਨਾਲਾ ਨੂੰ ਫੋਨ ਕਰ ਕੇ 10 ਕਰੋੜ ਰੁਪਏ ਮੰਗੇ ਹਨ ਤੇ ਕਿਹਾ ਕਿ ਜੇ ਉਹ ਉਸ ਨੂੰ ਪੈਸੇ ਦੇ ਦਿੰਦੇ ਹਨ ਤਾਂ ਉਹ ਨਰੂਲਾ ਦੇ ਖਿਲਾਫ਼ ਨਹੀਂ ਬੋਲੇਗੀ। ਉਨ੍ਹਾਂ ਨੇ ਕਿਹਾ ਕਿ ਉਹਨਾਂ ਕੋਲ 100 ਤੋਂ ਵੱਧ ਦਰਖ਼ਾਸਤਾ ਹਨ ਜਿਸ ਵਿਚ ਇਹ ਸਪੱਸ਼ਟ ਹੈ ਕਿ ਵਨੀਤ ਨੇ ਪੈਸੇ ਮੰਗੇ ਹਨ।