
Punjab News : ਹਰਭਜਨ ਸਿੰਘ ਈਟੀਓ ਵੱਲੋਂ ਆਰਕੀਟੈਕਚਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
Punjab News in Punjabi : ਲੋਕ ਨਿਰਮਾਣ ਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਚੰਡੀਗੜ੍ਹ ਵਿਖੇ ਆਰਕੀਟੈਕਚਰ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਸਮੀਖਿਆ ਮੀਟਿੰਗ ਵਿੱਚ ਵਿਭਾਗ ਦੀਆਂ ਮੁੱਖ ਪਹਿਲਕਦਮੀਆਂ, ਪ੍ਰਸਤਾਵਿਤ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਅਤੇ ਸਥਾਈ ਇਮਾਰਤਾਂ ਦੇ ਡਿਜ਼ਾਈਨ ਤੇ ਸ਼ਹਿਰੀ ਯੋਜਨਾਬੰਦੀ 'ਤੇ ਪੀ.ਡਬਲਯੂ.ਡੀ. ਅਤੇ ਹੋਰ ਸਰਕਾਰੀ ਵਿਭਾਗਾਂ ਨਾਲ ਸਹਿਯੋਗ ਬਾਰੇ ਇੱਕ ਵਿਆਪਕ ਪੇਸ਼ਕਾਰੀ ਦਿੱਤੀ ਗਈ। ਇਸ ਸਮੀਖਿਆ ਵਿੱਚ ਮੁੱਖ ਆਰਕੀਟੈਕਟ ਸ੍ਰੀ ਤਰੁਣ ਗਰਗ, ਐਡੀਸ਼ਨਲ ਚੀਫ ਆਰਕੀਟੈਕਟ ਸ੍ਰੀਮਤੀ ਸਰੋਜ ਅਤੇ ਆਰਕੀਟੈਕਚਰ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਉਨ੍ਹਾਂ ਨੇ ਵਿਭਾਗ ਵੱਲੋਂ ਬਣਾਏ ਜਾ ਰਹੇ ਸਟੇਡੀਅਮਾਂ, ਹਸਪਤਾਲਾਂ ਅਤੇ ਹੋਰ ਜਨਤਕ ਇਮਾਰਤਾਂ ਦੇ ਸਮਕਾਲੀ ਡਿਜ਼ਾਈਨਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਇਸ ਦੇ ਨਾਲ ਹੀ ਵਿਭਾਗ ਨੇ ਮੁੱਖ ਪਹਿਲਕਦਮੀਆਂ, ਚੱਲ ਰਹੇ ਆਰਕੀਟੈਕਚਰਲ ਪ੍ਰੋਜੈਕਟਾਂ, ਆਗਾਮੀ ਪ੍ਰਸਤਾਵਾਂ ਅਤੇ ਟਿਕਾਊ ਤੇ ਨਵੀਨਤਾਕਾਰੀ ਇਮਾਰਤਾਂ ਦੇ ਡਿਜ਼ਾਈਨ 'ਤੇ ਪੀ.ਡਬਲਯੂ.ਡੀ. ਨਾਲ ਇਸ ਦੇ ਸਹਿਯੋਗ ਬਾਰੇ ਇੱਕ ਵਿਆਪਕ ਪੇਸ਼ਕਾਰੀ ਦਿੱਤੀ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਨਵੀਆਂ ਸਰਕਾਰੀ ਇਮਾਰਤਾਂ ਦਾ ਡਿਜ਼ਾਈਨ ਆਧੁਨਿਕ ਤੇ ਨਵੀਨਤਾਕਾਰੀ ਹੋਣ ਦੇ ਨਾਲ-ਨਾਲ ਇਹਨਾਂ ਵਿੱਚ ਦਿਵਿਆਗਾਂ ਲਈ ਵੀ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਵਿਭਾਗ ਵਿੱਚ ਨਵੇਂ ਭਰਤੀ ਕੀਤੇ ਸਹਾਇਕ ਆਰਕੀਟੈਕਟ ਨੇ ਕੈਬਨਿਟ ਮੰਤਰੀ ਨਾਲ ਮੁਲਾਕਾਤ ਵੀ ਕੀਤੀ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਮਾਰਤਾਂ ਨੂੰ ਟਿਕਾਊ ਤੇ ਊਰਜਾ ਕੁਸ਼ਲ ਬਣਾਇਆ ਜਾਵੇ। ਮੰਤਰੀ ਨੇ ਆਰਕੀਟੈਕਚਰਲ ਵਿਭਾਗ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਵੀ ਜ਼ਰੂਰਤ ਸਮੇਂ ਸਿੱਧੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ।
(For more news apart from Architecture Department will develop modern and people-friendly infrastructure: Harbhajan Singh ETO News in Punjabi, stay tuned to Rozana Spokesman)