
Punjab News : ਪੰਜਾਬ ਸਰਕਾਰ ਗੋਲਡਨ-ਆਵਰ ਐਮਰਜੈਂਸੀ ਲਈ ਮੈਡੀਕਲ ਅਫਸਰਾਂ ਨੂੰ ਐਡਵਾਂਸਡ ਕ੍ਰਿਟੀਕਲ ਕੇਅਰ ਸਿਖਲਾਈ ਦੇਵੇਗੀ
Punjab News in Punjabi : ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਜਿਸ ਵਿੱਚ ਹਰੇਕ ਜ਼ਿਲ੍ਹੇ ਦੇ ਘੱਟੋ-ਘੱਟ ਦੋ ਮੈਡੀਕਲ ਅਫਸਰਾਂ ਨੂੰ ਪ੍ਰਮੁੱਖ ਸੰਸਥਾਵਾਂ ਵਿੱਚ ਐਡਵਾਂਸਡ ਕ੍ਰਿਟੀਕਲ ਕੇਅਰ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਡਾਕਟਰਾਂ ਨੂੰ ਪੰਜਾਬ ਭਰ ਵਿੱਚ ਆਈਸੀਯੂ ਅਤੇ ਟਰੌਮਾ ਕੇਸਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਢੁਕਵੀਂ ਮੁਹਾਰਤ ਨਾਲ ਲੈਸ ਕੀਤਾ ਜਾ ਸਕੇ।
ਇੱਥੇ ਮੈਡੀਕਲ ਅਫਸਰਾਂ ਲਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਐਮਐਲਆਰ/ਪੀਐਮਆਰ ‘ਤੇ ਦੋ-ਰੋਜ਼ਾ ਟ੍ਰੇਨਿੰਗ ਆਫ਼ ਟ੍ਰੇਨਰਜ਼ (ਟੀਓਟੀ) ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਐਮਰਜੈਂਸੀ ਦੇਖਭਾਲ ਸੇਵਾਵਾਂ ਵਿਚਲੇ ਪਾੜੇ ਨੂੰ ਪੂਰਦਿਆਂ "ਗੋਲਡਨ ਆਵਰ", ਸ਼ੁਰੂਆਤੀ ਘੰਟੇ, ਜੋ ਮਰੀਜ਼ਾਂ ਦੀ ਬਚਾਅ ਦਰ ਨਿਰਧਾਰਤ ਕਰਦੇ ਹਨ, ਦੌਰਾਨ ਤੁਰੰਤ ਤੇ ਸਮੇਂ ਸਿਰ ਇਲਾਜ ਯਕੀਨੀ ਬਣਾਏਗੀ।
ਇਹ ਕਹਿੰਦਿਆਂ ਕਿ ਜ਼ਿੰਦਗੀਆਂ ਬਚਾਉਣ ਲਈ ਇੱਕ-ਇੱਕ ਸਕਿੰਟ ਮਾਇਨੇ ਰੱਖਦਾ ਹੈ, ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਗੋਲਡਨ-ਆਵਰ ਕੇਅਰ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਮਰੀਜ਼ ਮਿਆਰੀ ਇਲਾਜ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਐਸਟੀਈਐਮਆਈ ਪ੍ਰਾਜੈਕਟ ਦੀ ਸਫਲਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੇ ਸਮੇਂ ਸਿਰ ਇਲਾਜ ਰਾਹੀਂ ਦਿਲ ਦੀਆਂ ਬਿਮਾਰੀਆਂ ਕਰਕੇ ਮੌਤ ਦਰ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਸਮਾਗਮ ਨੇ ਸਾਰੇ 23 ਜ਼ਿਲ੍ਹਿਆਂ ਦੇ ਸਪੈਸ਼ਲਿਸਟ ਡਾਕਟਰਾਂ ਨੂੰ ਇੱਕ ਮੰਚ 'ਤੇ ਲਿਆ ਕੇ ਸਾਰਿਆਂ ਲਈ ਪਹੁੰਚਯੋਗ, ਬਰਾਬਰੀ ਵਾਲੀ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦਿੱਤੀ।
ਡਾਕਟਰਾਂ ਨੂੰ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਲਗਨ ਅਤੇ ਮੁਹਾਰਤ ਸਿਹਤਮੰਦ ਤੇ ਤੰਦਰੁਸਤ ਪੰਜਾਬ ਦੀ ਧਾਰਨਾ ਨੂੰ ਹੋਰ ਬਲ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਬਿਮਾਰੀਆਂ ਦਾ ਇਲਾਜ ਨਹੀਂ ਕਰ ਰਹੇ ਸਗੋਂ ਇੱਕ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਤਿਆਰ ਕਰ ਰਹੇ ਹਾਂ ਜੋ ਸਮੇਂ ਸਿਰ ਰੋਕਥਾਮ, ਇਲਾਜ ਅਤੇ ਹਲੀਮੀ ਨਾਲ ਸਿਹਤ ਸੰਭਾਵ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੰਦੀ ਹੈ।
ਮਨੋਰੋਗੀਆਂ, ਜਿਨ੍ਹਾਂ ਵਿੱਚ ਨਸ਼ੇ ਨਾਲ ਜੂਝ ਰਹੇ ਮਰੀਜ਼ ਵੀ ਸ਼ਾਮਲ ਹਨ, ਦੇ ਹਲੀਮੀ ਨਾਲ ਇਲਾਜ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਰੀਜ਼ਾਂ ਦੀ ਤੇਜ਼ੀ ਨਾਲ ਰਿਕਵਰੀ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਡਾਕਟਰੀ ਦੇਖਭਾਲ ਨਾਲ ਏਕੀਕ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਰੀਜਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਅਤੇ ਅਸੀਂ ਸਿਰਫ਼ ਇਲਾਜ ਹੀ ਨਹੀਂ ਸਗੋਂ ਉਨ੍ਹਾਂ ਨੂੰ ਮੁੜ ਵਸੇਬੇ ਅਤੇ ਸਸ਼ਕਤੀਕਰਨ ਦੇ ਮੌਕੇ ਵੀ ਪ੍ਰਦਾਨ ਕਰਾਂਗੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ 1,000 ਨਵੇਂ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਨ੍ਹਾਂ ਨੂੰ ਪੇਂਡੂ, ਸਰਹੱਦੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਭੇਜਣ ਤੋਂ ਪਹਿਲਾਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸ਼ਹਿਰੀ-ਪੇਂਡੂ ਸਿਹਤ ਸੰਭਾਲ ਪਾੜੇ ਨੂੰ ਪੂਰਦਿਆਂ ਮਿਆਰੀ ਦੇਖਭਾਲ ਸੇਵਾਵਾਂ ਨੂੰ ਸੂਬੇ ਦੇ ਹਰ ਕੋਨੇ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫਸਰਾਂ (ਐਸਐਮਓਜ਼) ਨੂੰ ਆਈਆਈਐਮ ਅਹਿਮਦਾਬਾਦ ਵਿਖੇ ਉੱਨਤ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਸਿਹਤ ਸੰਭਾਲ ਖੇਤਰ ਦੀ ਸਮਰੱਥਾ, ਅਤਿ-ਸੰਵੇਦਨਸ਼ੀਲ ਸਮੇਂ ਦੌਰਾਨ ਦੇਖਭਾਲ ਅਤੇ ਐਮਰਜੈਂਸੀ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਵਿਸਥਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਮਾਨਸਿਕ ਸਿਹਤ ਸੇਵਾਵਾਂ ਨੂੰ ਪ੍ਰਾਇਮਰੀ ਦੇਖਭਾਲ ਵਿੱਚ ਜੋੜਨ ਲਈ ਮਨੋਰੋਗੀ ਮਾਹਿਰਾਂ ਨੂੰ ਏਮਜ਼, ਦਿੱਲੀ ਵਿਖੇ ਵਿਸ਼ੇਸ਼ ਮਨੋਰੋਗ ਦੇਖਭਾਲ ਸਿਖਲਾਈ ਪ੍ਰੋਗਰਾਮਾਂ ਲਈ ਭੇਜਿਆ ਗਿਆ ਹੈ।
ਸਿਹਤ ਮੰਤਰੀ ਨੇ ਡਾਕਟਰੀ ਸੇਵਾ ਅਤੇ ਜਨਤਕ ਸਿਹਤ ਪ੍ਰੋਗਰਾਮਾਂ ਵਿੱਚ ਡਾਕਟਰਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਸਤੇ ਰਾਜ ਪੁਰਸਕਾਰਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪੰਜਾਬ ਸੂਬਾ ਵਰਕਿੰਗ ਗਰੁੱਪਾਂ ਅਤੇ ਜ਼ਿਲ੍ਹਾ ਤਾਲਮੇਲ ਕਮੇਟੀਆਂ ਰਾਹੀਂ ਆਪਣੀਆਂ ਰੋਗ ਨਿਗਰਾਨ ਵਿਧੀਆਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਸਿਹਤ ਜੋਖਮਾਂ ਪ੍ਰਤੀ ਸਮੇਂ ਸਿਰ ਪ੍ਰਤੀਕਿਰਿਆ ਨੂੰ ਯਕੀਨੀ ਬਣਾ ਰਿਹਾ ਹੈ। ਯੂਨੀਵਰਸਲ ਹੈਲਥ ਕਵਰੇਜ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿਹਤ ਮੰਤਰੀ ਨੇ ਜਨਤਕ ਸੇਵਾ ਲਈ ਡਾਕਟਰਾਂ ਅਤੇ ਜ਼ਰੂਰੀ ਦਵਾਈਆਂ ਦੀ ਮੁਫ਼ਤ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ ਸਿਹਤ ਮੰਤਰੀ ਨੇ ਡਾਕਟਰੀ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ "ਪੰਜਾਬ ਦੇ ਸਿਹਤ ਸੰਭਾਲ ਖੇਤਰ ਦੇ ਆਰਕੀਟੈਕਟ" ਦੱਸਿਆ। ਉਨ੍ਹਾਂ ਨੇ ਸਿਹਤ ਸੇਵਾਵਾਂ ਵਿੱਚ ਨਵੀਨਤਾ, ਬਰਾਬਰੀ ਅਤੇ ਉੱਤਮਤਾ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿਹਤਮੰਦ ਪੰਜਾਬ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਸਾਂਝਾ ਕੀਤਾ।
ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਿਪਟੀ ਡਾਇਰੈਕਟਰ ਡਾ. ਨਵਜੋਤ ਕੌਰ, ਡਿਪਟੀ ਡਾਇਰੈਕਟਰ ਡਾ. ਸੁਰਿੰਦਰਪਾਲ ਕੌਰ, ਪ੍ਰਿੰਸੀਪਲ ਐਸਆਈਐਚਐਫਡਬਲਯੂ ਡਾ. ਪੌਮੀ ਚਤਰਥ, ਡਾ. ਅਮਨਦੀਪ ਕੌਰ ਵੜਿੰਗ ਵੀ ਮੌਜੂਦ ਸਨ।
(For more news apart from Health Minister Dr. Balbir Singh announces training campaign to bring revolutionary changes in health services News in Punjabi, stay tuned to Rozana Spokesman)