
ਅਚਾਨਕ ਪੈਰ ਫ਼ਿਸਲਣ ਕਾਰਨ ਛੱਪੜ 'ਚ ਜਾ ਡਿੱਗੇ ਦੋਵੇਂ ਮਾਸੂਮ
Barnala News: ਬਰਨਾਲਾ ਦੇ ਪਿੰਡ ਦਰਾਕਾ ਵਿਖੇ ਛੱਪੜ 'ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸਦਾ ਪਤਾ ਚੱਲਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਐੱਸਸੀ ਪਰਿਵਾਰਾਂ ਨਾਲ ਸੰਬੰਧਤ ਦੋ ਬੱਚੇ ਲਵਪ੍ਰੀਤ ਸਿੰਘ (6) ਪੁੱਤਰ ਸਤਨਾਮ ਸਿੰਘ ਅਤੇ ਨਵਜੋਤ ਸਿੰਘ (7) ਪੁੱਤਰ ਕਾਲਾ ਸਿੰਘ ਵਾਸੀ ਦਰਾਕਾ ਜੋ ਆਪਸ 'ਚ ਚਚੇਰੇ ਭਰਾ ਸਨ, ਪਿੰਡ ਦੇ ਛੱਪੜ ਨਜ਼ਦੀਕ ਰੋਜ਼ਾਨਾ ਦੀ ਤਰ੍ਹਾਂ ਖੇਡ ਰਹੇ ਸਨ ਕਿ ਅਚਾਨਕ ਪੈਰ ਫਿਸਲਣ ਕਾਰਨ ਛੱਪੜ 'ਚ ਜਾ ਡਿੱਗੇ। ਜਿਨ੍ਹਾਂ ਦੇ ਛੱਪੜ 'ਚ ਡਿੱਗਣ ਦਾ ਪਤਾ ਲੱਗਦੇ ਹੀ ਨਜ਼ਦੀਕ ਖੇਡ ਰਹੇ ਹੋਰ ਬੱਚਿਆਂ ਨੇ ਰੌਲ਼ਾ ਪਾ ਦਿੱਤਾ ਤਾਂ ਤੁਰੰਤ ਵੱਡੀ ਗਿਣਤੀ 'ਚ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਮੌਕੇ 'ਤੇ ਪੁੱਜੇ। ਜਿਨ੍ਹਾਂ ਬੜੀ ਮਸ਼ੱਕਤ ਬਾਅਦ ਬੱਚਿਆਂ ਨੂੰ ਛੱਪੜ ਵਿਚੋਂ ਬਾਹਰ ਕੱਢਿਆ। ਉਹਨਾਂ ਬੱਚਿਆਂ ਨੂੰ ਤੁਰੰਤ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਚੈਕਅੱਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ।
ਉਥੇ ਹੀ ਤਪਾ ਪੁਲਿਸ ਵੱਲੋਂ ਮਾਮਲੇ ਨੂੰ ਲੈਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤਪਾ ਮੰਡੀ ਦੇ ਨੇੜਲੇ ਪਿੰਡ ਦਰਾਜ ਵਿਖੇ ਦੋ ਬੱਚਿਆਂ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪੁਲਿਸ ਵੱਲੋਂ ਦੋਵਾਂ ਬੱਚਿਆਂ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।