
ਕੈਪਟਨ ਸਰਕਾਰ ਵੱਲੋਂ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਨੂੰ ਡੋਪ ਟੈਸਟ ਕਰਾਉਣ ਦੀਆਂ ਦਿੱਤੀਆਂ............
ਕੋਟਕਪੂਰਾ: ਕੈਪਟਨ ਸਰਕਾਰ ਵੱਲੋਂ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਨੂੰ ਡੋਪ ਟੈਸਟ ਕਰਾਉਣ ਦੀਆਂ ਦਿੱਤੀਆਂ ਹਦਾਇਤਾਂ ਦੇ ਸਬੰਧ 'ਚ ਭਾਂਵੇ ਸਰਕਾਰੀ ਅਧਿਕਾਰੀ ਤਾਂ ਇਸ ਦਾ ਵਿਰੋਧ ਕਰਦੇ ਨਜਰ ਆਏ ਪਰ ਸਿਆਸਤਦਾਨਾ ਨੇ ਵੱਡੀ ਪੱਧਰ 'ਤੇ ਡੋਪ ਟੈਸਟ ਕਰਵਾਏ। ਹੁਣ ਧਾਰਮਿਕ ਖੇਤਰ 'ਚ ਡੋਪ ਟੈਸਟ ਦੀ ਪਿਰਤ ਪਾਉਂਦਿਆਂ ਇਨਸਾਫ ਮੋਰਚੇ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਡੋਪ ਟੈਸਟ ਕਰਵਾ ਕੇ ਜਿੱਥੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ, ਉੱਥੇ ਹੋਰਨਾ ਧਾਰਮਿਕ ਹਸਤੀਆਂ ਨੂੰ ਵੀ ਡੋਪ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਭਾਈ ਦਾਦੂਵਾਲ ਨੇ ਆਖਿਆ ਕਿ ਧਾਰਮਿਕ ਅਤੇ ਰਾਜਨੀਤਿਕ ਲੋਕ ਆਮ ਜਨਤਾ ਖਾਸ ਕਰਕੇ ਬੱਚਿਆਂ ਤੇ ਨੋਜਵਾਨਾ ਲਈ ਰੋਲ ਮਾਡਲ ਹੁੰਦੇ ਹਨ, ਕਿਉਂਕਿ ਆਮ ਲੋਕ ਉਨਾ ਤੋਂ ਉੱਚੀ ਸੁੱਚੀ ਪ੍ਰੇਰਨਾ ਲੈਣ ਦੀ ਚਾਹਤ ਰੱਖਦੇ ਹਨ ਪਰ ਅੱਜ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੇ ਨਾਲ ਨਾਲ ਧਾਰਮਿਕ ਲਿਬਾਸ 'ਚ ਵਿਚਰਨ ਵਾਲੇ ਲੋਕ ਵੀ ਨਸ਼ਿਆਂ 'ਚ ਲਿਪਤ ਹਨ, ਫਿਰ ਨੌਜਵਾਨ ਕਿਸ ਤੋਂ ਪ੍ਰੇਰਨਾ ਲੈਣ। ਇਸ ਲਈ ਧਾਰਮਿਕ ਲਿਬਾਸ ਅਤੇ ਰਾਜਨੀਤੀ 'ਚ ਵਿਚਰਨ ਵਾਲੇ ਲੋਕਾਂ ਨੂੰ ਪਹਿਲਾਂ ਖੁਦ ਨਸ਼ਾ ਮੁਕਤ ਹੋਣਾ ਪਵੇਗਾ। ਉਨਾ ਮੰਗ ਕੀਤੀ ਕਿ ਨਸ਼ੇ ਵੇਚ ਕੇ ਅਰਥਾਤ ਕਰੋੜਾਂ ਅਰਬਾਂ ਰੁਪਏ ਦਾ ਨਸ਼ਿਆਂ ਦਾ ਵਪਾਰ ਕਰਨ ਵਾਲੇ ਨਸ਼ੇ ਦੇ ਸੋਦਾਗਰਾਂ
ਦੀਆਂ ਜਮੀਨਾ ਜਾਇਦਾਦਾਂ ਜਬਤ ਕਰਕੇ ਉਨਾ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂ ਹੀ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬੀ ਮਿਲ ਸਕਦੀ ਹੈ। ਭਾਈ ਦਾਦੂਵਾਲ ਨੇ ਪੰਜਾਬ 'ਚ ਨਸ਼ਿਆਂ ਦੀ ਬਹੁਤਾਤ ਸਬੰਧੀ ਪੰਥਵਿਰੋਧੀ ਏਜੰਸੀਆਂ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਦੋਸ਼ ਲਾਉਂਦਿਆਂ ਆਖਿਆ ਕਿ ਦੁਸ਼ਮਣ ਤਾਕਤਾਂ ਪੰਜਾਬੀ ਨੋਜਵਾਨਾ ਤੇ ਬੱਚਿਆਂ ਦੀ ਅਣਖ, ਗੈਰਤ ਅਤੇ ਜਮੀਰ ਮਾਰਨ ਲਈ ਯਤਨਸ਼ੀਲ ਹਨ। ਆਪਣੀ ਡੋਪ ਟੈਸਟ ਦੀ ਰਿਪੋਰਟ ਅਤੇ ਸਰਟੀਫਿਕੇਟ ਦਿਖਾਉਂਦਿਆਂ ਭਾਈ ਦਾਦੂਵਾਲ ਨੇ ਦੱਸਿਆ ਕਿ ਉਸ ਦੀ ਡੋਪ ਟੈਸਟ ਰਿਪੋਰਟ ਬਿਲਕੁੱਲ ਸਹੀ ਪਾਈ ਗਈ।