
ਦੇਸ਼ ਅਜ਼ਾਦ ਹੋਏ ਨੂੰ ਭਾਵੇਂ ਕਰੀਬ 71 ਸਾਲ ਹੋ ਗਏ ਹਨ, ਪਰ ਹਿੰਦ-ਪਾਕਿ ਸਰਹੱਦ 'ਤੇ ਵਸੇ ਕਈ ਪਿੰਡ ਹਾਲੇ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ.............
ਫ਼ਿਰੋਜ਼ਪੁਰ : ਦੇਸ਼ ਅਜ਼ਾਦ ਹੋਏ ਨੂੰ ਭਾਵੇਂ ਕਰੀਬ 71 ਸਾਲ ਹੋ ਗਏ ਹਨ, ਪਰ ਹਿੰਦ-ਪਾਕਿ ਸਰਹੱਦ 'ਤੇ ਵਸੇ ਕਈ ਪਿੰਡ ਹਾਲੇ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਪਏ ਹਨ। ਜੇਕਰ ਵੇਖਿਆ ਜਾਵੇ ਤਾਂ ਸਰਹੱਦੀ ਪਿੰਡਾਂ ਦਾ ਨਾ ਤਾਂ ਹਾਲੇ ਤੱਕ ਕੋਈ ਵਿਕਾਸ ਹੋਇਆ ਅਤੇ ਨਾ ਹੀ ਕਿਸੇ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਬਾਂਹ ਫੜੀ ਹੈ। ਇਸ ਸਬੰਧੀ ਜਦੋਂ ਸਪੋਕਸਮੈਨ ਦੀ ਟੀਮ ਵਲੋਂ ਸਰਹੱਦੀ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦੇ ਹੋਏ ਜੀਤ ਸਿੰਘ, ਸ਼ੇਰ ਸਿੰਘ ਪੁੱਤਰ ਖੰਡਾ ਸਿੰਘ, ਸੁਰਜੀਤ ਸਿੰਘ ਪੁੱਤਰ ਸ਼ੇਰ ਸਿੰਘ, ਹਰਬੰਸ ਸਿੰਘ, ਮੁਖ਼ਤਿਆਰ ਸਿੰਘ, ਮੰਗਲ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ ਪੁੱਤਰ ਗੋਮਾ ਸਿੰਘ
ਵਾਸੀ ਪਿੰਡ ਟੇਂਡੀ ਵਾਲਾ, ਭੱਖੜਾ, ਹਜ਼ਾਰਾ ਸਿੰਘ ਵਾਲਾ, ਕਾਲੂ ਰਾਈਆਂ ਹਿਠਾੜ ਅਤੇ ਹੋਰਨਾਂ ਨੇ ਦਸਿਆ ਕਿ ਭਾਰਤ ਦੇਸ਼ ਭਾਵੇਂ 1947 ਵਿਚ ਆਜ਼ਾਦ ਹੋ ਗਿਆ ਸੀ, ਪਰ ਉਨ੍ਹਾਂ ਦੇ ਪਿੰਡ ਹਾਲੇ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਪਏ ਹਨ। ਬਲਕਾਰ ਸਿੰਘ ਨੇ ੱਸਿਆ ਕਿ 1965 ਅਤੇ 1971 ਦੀ ਜੰਗ ਵਿਚ ਉਨ੍ਹਾਂ ਦੇ ਰਹਿਣ ਬਸੇਰੇ ਉੱਜੜ ਗਏ ਸਨ, ਜਿਸ ਤੋਂ ਮਗਰੋਂ ਸਹੀ ਅਤੇ ਠੀਕ ਘਰ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਸਰਕਾਰਾਂ ਨੇ ਅਪਣੇ ਲਾਹੇ ਲੈਣ ਵਾਸਤੇ ਫਾਲਤੂ ਅਫ਼ਵਾਹਾਂ ਜੰਗ ਲੱਗਣ ਦੀਆਂ ਫੈਲਾ ਦਿਤੀਆਂ। ਸਮੇਂ ਦੀਆਂ ਸਰਕਾਰਾ ਨੇ ਉਨ੍ਹਾਂ ਨੂੰ ਮਕਾਨ ਮੁਹੱਈਆ ਨਹੀ ਕਰਵਾਏ ਗਏ।
20-20 ਏਕੜ ਦੇ ਮਾਲਕ ਦੂਜਿਆਂ ਦੇ ਅੱਗੇ ਹੱਥ ਫੈਲਾਉਣ ਲਈ ਮਜਬੂਰ ਹੋ ਗਏ। ਹੁਣ ਤੱਕ ਨਾ ਤਾਂ ਕਿਸੀ ਸਰਕਾਰ ਨੇ ਉਨ੍ਹਾਂ ਦੀ ਸੁਣੀ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ। ਵਧੇਰੇ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਵਾਸੀ ਪਿੰਡ ਟੇਂਡੀ ਵਾਲਾ, ਸੁਰਜੀਤ ਸਿੰਘ, ਹਰਬੰਸ ਸਿੰਘ, ਮੁਖ਼ਤਿਆਰ ਸਿੰਘ ਅਤੇ ਹੋਰ ਕਿਸਾਨਾਂ ਨੇ ਦਸਿਆ ਕਿ ਨੇਤਾ ਉਨ੍ਹਾਂ ਦੇ ਪਿੰਡਾਂ ਵਿਚ ਗੇੜਾ ਤਾਂ ਮਾਰਦੇ ਹਨ ਪਰ ਉਹ ਵੀ ਚੋਣਾਂ ਵੇਲੇ। ਇਸ ਸਬੰਧ ਵਿੱਚ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਕਹਿਣਾ ਹੈ
ਕਿ ਉਹ ਹਰ ਦੁੱਖ ਸੁੱਖ ਵੇਲੇ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਮੇਲ ਮਿਲਾਪ ਕਰਦੇ ਰਹਿੰਦੇ ਹਨ। ਪਹਿਲਾ ਪੰਜਾਬ ਵਿਚ 10 ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਅਫ਼ਵਾਹਾਂ ਫੈਲਾ ਕੇ ਆਪ ਲਾਹਾ ਲੈ ਲਿਆ ਪਰ ਸਰਹੱਦੀ ਪਿੰਡਾਂ ਨੂੰ ਨੁਕਸਾਨ ਪਹੁੰਚਾ ਦਿਤਾ। ਵਿਧਾਇਕ ਪਿੰਕੀ ਨੇ ਕਿਹਾ ਕਿ ਉਹ ਸਮੇਂ-ਸਮੇਂ 'ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹਿੰਦੇ ਹਨ ਅਤੇ ਹੱਲ ਵੀ ਕਰਦੇ ਹਨ।