
ਸਮਾਂ ਰਹਿੰਦਿਆਂ ਪਾਰਟੀ ਅੰਦਰਲੀਆਂ ਵਿਰੋਧੀ ਸੁਰਾਂ ਨੂੰ ਦੱਬਣ ਲਈ ਅਖ਼ਤਿਆਰਿਆ ਸਖ਼ਤ ਰੁਖ
ਚੰਡੀਗੜ੍ਹ, 8 ਅਗੱਸਤ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਅਚਾਨਕ ਸਾਹਮਣੇ ਆਏ ਨਕਲੀ ਸ਼ਰਾਬ ਮਾਫ਼ੀਆ ਕਾਰਨ ਵਾਪਰੇ ਮਨੁਖੀ ਪ੍ਰਕੋਪ ਨੇ ਕੈਪਟਨ ਸਰਕਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰਖ ਦਿਤਾ ਹੈ। ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫ਼ਿਊ/ਲਾਕਡਾਊਨ ਦੌਰਾਨ ਵੱਡੀ ਗਿਣਤੀ 'ਚ ਨਾਰਕੋਟਿਕ ਨਸ਼ਿਆਂ ਦੀਆਂ ਖੇਪਾਂ ਫੜ ਕੇ ਅਤੇ ਇਕ ਗੌਲਣਯੋਗ ਗਿਣਤੀ ਵਿਚ ਨਸ਼ੇ ਦੇ ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤਹਿਤ ਰਜਿਸਟਰਡ ਕਰਨ ਵਿਚ ਸਫ਼ਲਤਾ ਹਾਸਲ ਕਰ ਕੇ ਸਰਕਾਰ ਮਹਿਸੂਸ ਕਰ ਰਹੀ ਸੀ ਕਿ ਕਾਂਗਰਸ ਦਾ ਨਸ਼ਿਆਂ ਦਾ ਲੱਕ ਤੋੜਨ ਵਾਲਾ ਚੋਣ ਵਾਅਦਾ ਕਾਫ਼ੀ ਹੱਦ ਤਕ ਕਾਗ਼ਜ਼ਾਂ 'ਚ ਪੂਰਾ ਹੋਇਆ ਦਿਖਾਇਆ ਜਾ ਸਕਦਾ ਹੈ।
ਪਰ ਨਕਲੀ/ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਸਰਕਾਰ ਚੁਪਾਸਿਉਂ ਅਜਿਹੀ ਘਿਰੀ ਕੇ ਪਾਰਟੀ ਦੇ ਅੰਦਰੋਂ ਹੀ ਵਿਰੋਧੀ ਸੁਰਾਂ ਨੇ ਸਰਕਾਰ ਨੂੰ ਤਿੱਖੀ ਚੋਭ ਮਾਰੀ। ਕਿਉਂਕਿ ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀ ਹੋਈ ਤਾਜ਼ਾ ਗ੍ਰਿਫ਼ਤਾਰੀ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚੇ ਜਾਣ ਵਾਲੇ ਮਾਮਲੇ ਦਾ ਮੁੜ ਚਰਚਾ ਵਿਚ ਆ ਜਾਣਾ ਅਕਾਲੀ ਦਲ ਲਈ ਨਾ ਸਿਰਫ ਕਾਫੀ ਨਾਖੁਸ਼ਗਵਾਰ ਸਾਬਤ ਹੋ ਰਿਹਾ ਸੀ; ਬਲਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲ ਰਹੇ ਅਕਾਲੀ ਸਫ਼ਾ 'ਚ ਹੁੰਗਾਰੇ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਮਾਮਲੇ ਦਾ ਮੁੜ ਚਰਚਾ ਵਿਚ ਆ ਜਾਣ ਨੇ ਅਕਾਲੀ ਦਲ ਨੂੰ ਇਕ ਤਰ੍ਹਾਂ ਨਾਲ ਬੈਕਫੁੱਟ 'ਤੇ ਜਾਣ ਲਈ ਮਜਬੂਰ ਕਰ ਦਿਤਾ ਸੀ।
ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਕੇਂਦਰ ਵਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਵੀ ਅਕਾਲੀ ਦਲ ਬੁਰੀ ਤਰ੍ਹਾਂ ਨਿਰ ਉੱਤਰ ਸਾਬਤ ਹੋਣ ਲੱਗ ਪਿਆ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਆਪਸੀ ਫੁੱਟ ਵੀ ਸੱਤਾਧਾਰੀ ਧਿਰ ਨੂੰ ਲਗਾਤਾਰ ਰਾਸ ਆਉਂਦੀ ਜਾ ਰਹੀ ਹੈ। ਪਰ ਇਸੇ ਦੌਰਾਨ ਅਛੋਪਲੇ ਜਿਹੇ ਸਾਹਮਣੇ ਆਏ ਨਕਲੀ ਸ਼ਰਾਬ ਮਾਮਲੇ ਨੇ ਨਾ ਸਿਰਫ਼ ਕਾਂਗਰਸ ਸਰਕਾਰ ਦੀਆਂ ਚੂਲਾਂ ਹਿਲਾ ਕੇ ਰਖ ਦਿਤੀਆਂ ਬਲਕਿ ਕਰੋਨਾ ਕਾਲ ਦੇ ਸ਼ੁਰੂ ਤੋਂ ਹੀ ਘਰ ਵਿਚ ਟਿਕੇ ਬੈਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਾਹਰ ਨਿਕਲਣ ਲਈ ਮਜਬੂਰ ਕਰ ਦਿਤਾ।
ਹਾਲਾਂਕਿ ਸੱਤਾਧਾਰੀ ਧਿਰ ਇਕ ਮਜ਼ਬੂਤ ਸਥਿਤੀ ਵਿਚ ਹੋਣ ਨਾਤੇ ਸਰਕਾਰ ਦੇ ਗਠਨ ਦੇ ਪਹਿਲੇ ਦੌਰ ਤੋਂ ਹੀ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਣਗੌਲਿਆ ਕਰ ਕੇ ਹੀ ਚੱਲਦੀ ਆ ਰਹੀ ਹੈ। ਪਰ ਇਸ ਵਾਰ ਸਥਿਤੀ ਇਸ ਪ੍ਰਕਾਰ ਕੁਝ ਉਲਟ ਸਾਬਤ ਹੋਈ ਕਿ ਪਾਰਟੀ ਦੇ ਪੰਜਾਬ ਤੋਂ ਦੋ ਰਾਜ ਸਭਾ ਮੈਂਬਰਾਂ ਜੋ ਕਿ ਦੋਵੇਂ ਸਾਬਕਾ ਪਾਰਟੀ ਸੂਬਾ ਪ੍ਰਧਾਨ ਵੀ ਰਹੇ ਹਨ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਸਿੱਧਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਦੇ ਚੋਟੀ ਦੇ ਵਜ਼ੀਰਾਂ ਅਤੇ ਵਿਧਾਇਕਾਂ ਉਤੇ ਮਾਫ਼ੀਆ ਨਾਲ ਮਿਲੇ ਹੋਣ ਦਾ ਹੱਲਾ ਬੋਲ ਦਿਤਾ ਗਿਆ ਹੋਣ ਨੇ ਤਿੱਖੀ ਚੋਭ ਮਾਰੀ।
ਇਕ ਬੜੇ ਹੀ ਸੀਨੀਅਰ ਕਾਂਗਰਸੀ ਨੇਤਾ ਜੋ ਕਿ ਪੰਜਾਬ ਕਾਂਗਰਸ ਵਿਚ ਇਕ ਨਿੱਗਰ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਭੂਮਿਕਾ ਨਿਭਾਉਂਦੇ ਰਹੇ ਹਨ, ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਅਪਣਾ ਨਾਂ ਨਸ਼ਰ ਨਾ ਕਰਨ ਦਾ ਕੌਲ ਲੈਂਦੇ ਹੋਏ ਦਸਿਆ ਕਿ ਨਕਲੀ ਸ਼ਰਾਬ ਮਾਮਲੇ ਵਿਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਿੱਧਾ ਹਤਿਆ ਦੀ ਧਾਰਾ 302 ਆਈਪੀਸੀ ਦਰਜ ਕਰਨ ਦਾ ਹੁਕਮ ਦਿਤਾ ਗਿਆ ਹੋਣ ਅਤੇ ਨਸ਼ਾ ਤਸਕਰਾਂ ਵਿਰੁਧ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ) ਕਾਨੂੰਨ ਤਹਿਤ ਕਾਰਵਾਈ ਦੀਆਂ ਸੰਭਾਵਨਾਵਾਂ ਤਲਾਸ਼ਣ ਦੀਆਂ ਹਦਾਇਤਾਂ ਪਿੱਛੇ ਇਕ ਵੱਡੀ ਫ਼ਿਕਰ ਅਤੇ ਸੋਚੀ ਸਮਝੀ ਰਣਨੀਤੀ ਕੰਮ ਕਰ ਰਹੀ ਹੈ।
ਪਾਰਟੀ ਜਾਣਦੀ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਲਈ ਨਸ਼ਿਆਂ ਖਾਸਕਰ 'ਚਿੱਟੇ ਦੇ ਸੌਦਾਗਰਾਂ' ਦਾ ਦਾਗ਼ ਸ਼ਰਮਨਾਕ ਹਾਰ ਤੋਂ ਬਾਅਦ ਵੀ ਹੁਣ ਤਕ ਹੋਇਆ ਨਹੀਂ ਜਾ ਸਕਿਆ। ਪਟਿਆਲਾ ਜ਼ਿਲ੍ਹੇ ਵਿਚ ਸ਼ਰਾਬ ਦੀਆਂ ਨਕਲੀ ਫ਼ੈਕਟਰੀਆਂ ਦੇ ਮਾਮਲੇ ਵਿਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਪਹਿਲਾਂ ਹੀ ਹੱਥ ਪਾ ਚੁੱਕੀ ਹੈ। ਪਿਛਲੀ ਸਰਕਾਰ ਵੇਲੇ ਵੀ ਈਡੀ ਅਜਿਹੀ ਪੰਜਾਬ ਦੇ ਨਸ਼ਿਆਂ ਦੇ ਮਾਮਲੇ ਵਿਚ ਕੁੱਦੀ ਕੇ ਨਸ਼ਿਆਂ ਨੂੰ ਲੈ ਕੇ ਪੰਜਾਬ ਕੌਮਾਂਤਰੀ ਮੁਹਾਜ ਉੱਤੇ ਬੁਰੀ ਤਰ੍ਹਾਂ ਬਦਨਾਮ ਹੋ ਕੇ ਰਹਿ ਗਿਆ।
ਇਸੇ ਤਰ੍ਹਾਂ ਹੁਣ ਨਕਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਕਿਸੇ ਕੇਂਦਰੀ ਨਿਰਪੱਖ ਏਜੰਸੀ ਤੋਂ ਜਾਂਚ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਤੀਬਰ ਹੁੰਦੀ ਜਾ ਰਹੀ ਮੰਗ ਨੇ ਸਰਕਾਰ ਖਾਸਕਰ ਕੈਪਟਨ ਖੇਮੇ ਨੂੰ ਸੁਚੇਤ ਕਰ ਦਿਤਾ ਹੈ।
ਸਰਕਾਰ ਦੇ ਅੰਦਰੂਨੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਹੀ ਇਹ ਸਪੱਸ਼ਟ ਕਰ ਦਿਤਾ ਹੈ ਕਿ ਕਿਸੇ ਵੀ ਸੂਰਤ ਵਿਚ ਨਕਲੀ ਸ਼ਰਾਬ ਦੇ ਮਾਮਲੇ ਨੂੰ ਸੂਬਾ ਪੁਲਿਸ ਦੇ ਪੱਧਰ ਉੱਤੇ ਸਮਾਂ ਰਹਿੰਦਿਆਂ ਸਾਰਥਕ ਸਿੱਟੇ ਉੱਤੇ ਪੁੱਜਦਾ ਕਰ ਦਿਤਾ ਜਾਵੇ। ਕਿਉਂਕਿ ਸਰਕਾਰ ਲਈ ਸੂਬੇ ਅੰਦਰ ਅਪਣੇ ਸਿਆਸੀ ਵਿਰੋਧੀਆਂ ਨੂੰ ਜਵਾਬ ਦੇਣਾ ਤਾਂ ਰਸਮੀ ਕਾਰਵਾਈ ਹੀ ਹੈ। ਪਰ ਪਾਰਟੀ ਅੰਦਰ ਬਾਜਵਾ ਤੇ ਦੂਲੋ ਦੇ ਰੂਪ ਵਿਚ ਉੱਠਿਆਂ ਤਿੱਖੀਆਂ ਬਾਗ਼ੀ ਸੁਰਾਂ ਨੂੰ ਸਮੇਂ ਸਿਰ ਨਪਣਾ ਚੋਣਾਂ ਸਿਰ 'ਤੇ ਹੋਣ ਸਦਕਾ ਹੋਰ ਵੀ ਵੱਧ ਜ਼ਰੂਰੀ ਹੋ ਗਿਆ ਹੈ।