
ਬਾਜਵਾ ਤੇ ਦੁੱਲੋ ਨੇ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ, ਨਵਜੋਤ ਸਿੱਧੂ ਸਣੇ ਕੈਪਟਨ ਵਿਰੋਧੀ ਆਗੂਆਂ ਤੇ ਵਿਧਾਇਕਾਂ ਨੂੰ ਇਕੱਠੇ ਕਰਨ ਦੇ ਯਤਨ ਵੀ ਹੋਏ ਸ਼ੁਰੂ
ਚੰਡੀਗੜ੍ਹ, 8 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮੰਤਰੀ ਮੰਡਲ ਵਲੋਂ ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਤੇ ਮੌਜੂਦਾ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਨੂੰ ਪਾਰਟੀ 'ਚੋਂ ਕੱਢਣ ਦੀ ਹਾਈਕਮਾਨ ਨੂੰ ਕੀਤੀ ਸਿਫ਼ਾਰਸ਼ ਦੇ ਬਾਵਜੂਦ ਇਨ੍ਹਾਂ ਦੋਵੇਂ ਵੱਡੇ ਕਾਂਗਰਸੀ ਨੇਤਾਵਾਂ ਦੇ ਰੁੱਖ ਵਿਚ ਕੋਈ ਨਰਮੀ ਨਹੀਂ ਆ ਰਹੀ ਬਲਕਿ ਇਸ ਦੇ ਉਲਟ ਉਨ੍ਹਾਂ ਦੇ ਤੇਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਵਿਰੁਧ ਹੋਰ ਤਿਖੇ ਹੋ ਰਹੇ ਹਨ।
ਅੱਜ ਫਿਰ ਦੋਹਾਂ ਨੇਤਾਵਾਂ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਨੂੰ ਆਧਾਰ ਬਣਾ ਕੇ ਅਪਣੀ ਹੀ ਸਰਕਾਰ 'ਤੇ ਜ਼ੋਰਦਾਰ ਹਮਲੇ ਕੀਤੇ ਹਨ। ਇਸ ਨਾਲ ਪੰਜਾਬ ਕਾਂਗਰਸ ਵਿਚ ਵੱਡੇ ਆਗੂਆਂ ਵਿਚਕਾਰ ਸ਼ੁਰੂ ਹੋਇਆ ਇਹ ਕਾਟੋ-ਕਲੇਸ਼ ਹੋਰ ਵਧ ਗਿਆ ਹੈ। ਬਾਜਵਾ ਤੇ ਦੂਲੋ ਨੇ ਵੀ ਪਾਹਰਟੀ ਪ੍ਰਧਾਨ ਸੋਨੀਆਗ ਗਾਂਧੀ ਤੋਂ ਮਿਲਣ ਦਾ ਸਮਾ ਮੰਗ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਦੂਲੋ ਨੇ ਦਸਿਆ ਕਿ ਸਮਾਂ ਮਿਲਿਆ ਤਾਂ ਕੈਪਟਨ ਰਾਜ ਦੇ ਮਾਫੀਆ ਰਾਜ ਦੇ ਪੂਰੇ ਪਰਦੇਫਾਸ਼ ਕਰ ਦਿਆਂਗੇ।
ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਤੋਂ ਇਲਾਵਾ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਰਟੀ ਹਾਈਕਮਾਨ ਦੇ ਹੋਰ ਪ੍ਰਮੁੱਖ ਆਗੂਆਂ ਨੂੰ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ, ਚੱਲ ਰਹੇ ਮਾਫੀਆ ਰਾਜ ਅਤੇ ਸ਼ਰਾਬ ਕਾਂਡ ਬਾਰੇ ਵਿਸਥਾਰ ਵਿਚ ਜਾਣਕਾਰੀ ਵੀ ਦੇ ਚੁੱਕੇ ਹਨ। ਇਸੇ ਦੌਰਾਨ ਇਹ ਜਾਣਕਾਰੀ ਵੀ ਮਿਲੀ ਹੈ ਕਿ ਬਾਜਵਾ ਤੇ ਦੂਲੋ ਨੇ ਕੈਪਟਨ ਨਾਲ ਨਾਰਾਜ਼ ਚੱਲ ਰਹੇ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਤੇ ਵਿਧਾਇਕਾਂ ਤੋਂ ਇਲਾਵਾ ਲੰਮੇ ਸਮੇਂ ਤੋਂ ਚੁੱਪ ਵੱਟੀ ਬੈਠੇ ਨਵਜੋਤ ਸਿੰਘ ਸਿੱਧੂ ਨਾਲ ਵੀ ਤਲਾਮੇਲ ਕਰ ਕੇ ਇਕ ਮੰਚ 'ਤੇ ਇਕੱਠੇ ਕਰਨ ਦੇ ਯਤਨ ਸ਼ੁਰੂ ਕਰ ਦਿਤੇ ਹਨ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਦੀ ਲੜਾਈ ਹੋਰ ਤਿੱਖੀ ਹੋ ਸਕਦੀ ਹੈ।
Photo
ਕਈ ਮੰਤਰੀ ਅਤੇ ਕੁੱਝ ਵਿਧਾਇਕ ਮਾਫੀਆ ਨਾਲ ਮਿਲੇ ਹੋਏ ਹਨ : ਦੂਲੋ
ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਵੀ ਅੱਜ ਮੁੜ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਕਈ ਮੰਤਰੀ ਤੇ ਕੁੱਝ ਕਾਂਗਰਸੀ ਵਿਧਾਇਕ ਵੀ ਸ਼ਰਾਬ ਤੇ ਹੋਰ ਮਾਫੀਆ ਨਾਲ ਮਿਲੇ ਹੋਏ ਹਨ ਤੇ ਇਸੇ ਕਾਰਨ ਉਹ ਸੀ.ਬੀ.ਆਈ. ਦੀ ਜਾਂਚ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਅਸੀ ਇਹ ਮੰਗ ਕਰ ਕੇ ਕੋਈ ਗੁਨਾਹ ਨਹੀਂ ਕੀਤਾ ਜੋ ਪਾਰਟੀ ਦੇ ਹਿੱਤ ਵਿਚ ਹੈ। ਪੁਰਾਣੇ ਕਾਂਗਰਸੀ ਨੁਕਰੇ ਲਾ ਦਿਤੇ ਗਏ ਹਨ। ਸਰਕਾਰ ਦੇ ਮੰਤਰੀ ਤੇ ਵਿਧਾਇਕ ਪੈਸੇ ਨੂੰ ਲੁੱਟਣ ਵਿਚ ਲੱਗੇ ਹੋਏ ਹਨ।
ਮੰਤਰੀਆਂ ਵਿਚ ਜਾਨ ਨਹੀਂ ਤੇ ਉਹ ਦਰਬਾਰੀ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਧੇ ਮੰਤਰੀ ਤਾਂ ਦਲ ਬਦਲੂ ਹਨ ਤੇ ਸੂਬੇ ਵਿਚ ਹਰ ਤਰ੍ਹਾਂ ਦਾ ਮਾਫੀਆ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਵੀ ਸ਼ੱਕੀ ਹੈ। ਉਨ੍ਹਾਂ ਨੇ ਪਾਰਟੀ ਧਰਮ ਨਹੀਂ ਨਿਭਾਇਆ। ਉਨ੍ਹਾਂ ਨੂੰ ਚਾਹੀਦਾ ਸੀ ਕਿ ਕੇਅਰ ਟੇਕਰ ਬਣ ਕੇ ਪਾਰਟੀ ਲਈ ਕੰਮ ਕਰਦੇ ਅਤੇ ਗ਼ਲਤ ਕੰਮ ਕਰਨ ਵਾਲਿਆਂ ਵਿਰੁਧ ਆਵਾਜ਼ ਉਠਾਉਂਦੇ ਪਰ ਉਹ ਸੱਚ ਦੀ ਆਵਾਜ਼ ਹੀ ਦਬਾਉਣ ਲੱਗੇ ਹਨ ਜੋ ਕਦੇ ਨਹੀਂ ਦਬ ਸਕਦੀ।
ਬਾਜਵਾ ਵਲੋਂ ਹਾਈਕਮਾਨ ਤੋਂ ਕੈਪਟਨ ਅਤੇ ਜਾਖੜ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਦੀ ਮੰਗ
ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕਰਨ ਦੀ ਪਾਰਟੀ ਹਾਈਕਮਾਨ ਤੋਂ ਮੁੜ ਮੰਗ ਦੋਹਰਾਈ ਹੈ। ਉਨ੍ਹਾਂ ਕਿਹਾ ਅਕਾਲੀ-ਭਾਜਪਜ ਸਰਕਾਰ ਦਾ ਜੋ ਹਾਲ ਵਿਧਾਨ ਯਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੋਇਆ ਸੀ, ਉਹ ਹਾਲ ਕਾਂਗਰਸ ਸਰਕਾਰ ਦਾ ਡੇਢ ਸਾਲਪਹਿਲਾਂ ਹੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਪਾਰਟੀ ਨੂੰ ਪੰਜਾਬ ਵਿਚ ਬਚਾਉਣ ਲਈ ਪਾਰਟੀ ਹਾਈਕਮਾਨ ਇਨ੍ਹਾਂ ਨੂੰ ਲਾਂਭੇ ਕਰ ਕੇ ਯੋਗ ਆਗੂਆਂ ਨੂੰ ਥਾਂ ਦੇਵੇ ਤਾਂ ਕਿ ਕਾਂਗਰਸ ਹੋਰ ਵੀ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ।
ਬਾਜਵਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਖਾਧੀ ਸਹੁੰ ਨੂੰ ਪੂਰਾ ਨਹੀਂ ਕੀਤਾ, ਜਿਸ ਕਰ ਕੇ ਲੋਕ ਉਸ 'ਤੇ ਕਿਸ ਤਰ੍ਹਾਂ ਵਿਸਵਾਸ਼ ਕਰਨਗੇ? ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲੀ ਸਰਕਾਰ ਵਾਂਗ ਹਰ ਤਰ੍ਹਾਂ ਦਾ ਮਾਫੀਆ ਕੰਮ ਕਰ ਰਿਹਾ ਹੈ। ਉਨ੍ਹਾਂ ਗਵਰਨਰ ਨਾਲ ਮੁਲਾਕਾਤ ਨੂੰ ਜਾਇਜ਼ ਦਸਦਿਆਂ ਕਿਹਾ ਕਿ ਜਦੋਂ 121 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਜਾਵੇ ਤੇ ਵੱਡੇ ਮਗਰਮੱਛਾਂ 'ਤੇ ਕਾਰਵਾਈ ਨਾ ਹੋਵੇ ਤਾਂ ਸਾਡੇ ਵਰਗੇ ਨੇਤਾ ਨਹੀਂ ਬੋਲਣਗੇ ਤਾਂ ਹੋਰ ਕੌਣ ਬੋਲੇਗਾ?
ਬਾਜਵਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿਤੀ ਕਿ ਹਿੰਮਤ ਹੈ ਤਾਂ ਮੇਰੇ ਨਾਲ ਸਿੱਧੀ ਗੱਲ ਕਰੋ। ਅਪਣੇ ਤੋਤੇ ਰਾਹੀਂ ਗੱਲਾਂ ਨਾ ਕਰੋ ਜੋ ਤੁਹਾਡੀ ਚੂਰੀ ਖਾ ਕੇ ਬੋਲਦਾ ਹੈ। ਉਨ੍ਹਾਂ ਜਾਖੜ 'ਤੇ ਦੋਸ਼ ਲਾਇਆ ਕਿ ਉਹ 'ਸ਼ਕੁਨੀ' ਦੀ ਭੁਮਿਕਾ ਨਿਪਾ ਰਹੇ ਹਨ ਅਤੇ ਕਾਂਗਰਸ ਵਿਚ ਭਾਈਆਂ ਨੂੰ ਲੜਾਉਣ ਦਾ ਕੰਮ ਕੀਤਾ ਹੈ ਜਦਕਿ ਉਨ੍ਹਾਂ ਦਾ ਫ਼ਰਜ਼ ਪਾਰਟੀ ਨੂੰ ਇਕੱਠੇ ਰੱਖਣਾ ਸੀ।