
ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ
ਲੁਧਿਆਣਾ : ਦਿਗਜ਼ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਭਾਵੇਂ ਕਿਸੇ ਅਹਿਮ ਸਿਆਸੀ ਜ਼ਿੰਮੇਵਾਰੀ ਤੋਂ ਸੁਰਖਰੂ ਚਲੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਨੂੰ ਅਪਣੇ ਨਾਲ ਰਲਾਉਣ ਦੀ ਸਿਆਸੀ ਦਲਾਂ ਦੀ ਤਤਪਰਤਾ ਤੋਂ ਲਾਇਆ ਜਾ ਸਕਦਾ ਹੈ। ਸਿੱਧੂ ਇਕ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਕਿਸੇ ਨਾ ਕਿਸੇ ਦਲ ਵੱਲ ਝੁਕਾਅ ਦੀਆਂ ਅਫ਼ਵਾਹਾਂ ਅਕਸਰ ਫ਼ੈਲਦੀਆਂ ਰਹਿੰਦੀਆਂ ਹਨ।
Sukhdev Singh Dhindsa
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਿੱਧੂ ਦੇ ਉਨ੍ਹਾਂ ਦੀ ਪਾਰਟੀ 'ਚ ਆਉਣ ਦੀ ਸੂਰਤ 'ਚ ਸਵਾਗਤ ਕਰਨ ਦੀ ਮਨਸ਼ਾ ਜ਼ਾਹਰ ਕੀਤੀ ਹੈ। ਸ. ਢੀਂਡਸਾ ਅੱਜ ਲੁਧਿਆਣਾ ਵਿਖੇ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਨੇ ਪਾਰਟੀ ਦੇ ਵਿਸਥਾਰ ਸਬੰਧੀ ਅਹਿਮ ਸਰਗਰਮੀਆਂ 'ਚ ਹਿੱਸਾ ਲੈਂਦਿਆਂ ਕੁੱਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ।
Navjot Singh Sidhu
ਇਸ ਦੌਰਾਨ ਸਿੱਧੂ ਦੇ ਪਾਰਟੀ 'ਚ ਆਉਣ ਦੀਆਂ ਸੰਭਾਵਨਾਵਾਂ ਸਬੰਧੀ ਅਪਣੀ ਰਾਇ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਨੇ ਕਿਸ ਪਾਰਟੀ 'ਚ ਜਾਣਾ ਹੈ, ਕਿਸ 'ਚ ਨਹੀਂ, ਇਹ ਭਾਵੇਂ ਉਨ੍ਹਾਂ ਦੀ ਨਿੱਜੀ ਰਾਏ ਹਨ। ਪਰ ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ (ਡ) 'ਚ ਆਉਣ ਦੀ ਸੂਰਤ 'ਚ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਸਬੰਧੀ ਸਭਨਾਂ ਨੂੰ ਸੱਦਾ ਦੇ ਚੁੱਕੀ ਹੈ ਅਤੇ ਜੋ ਵੀ ਸਾਡੀ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਦਾ ਹੈ, ਜੀ ਸਦਕੇ ਆ ਸਕਦਾ ਹੈ।
Sukhdev Singh Dhindsa
ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਹਰ ਪੱਧਰ 'ਤੇ ਮਜ਼ਬੂਤ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦਾ ਮਕਸਦ ਚੋਣਾਂ ਤੋਂ ਪਹਿਲਾਂ ਪਹਿਲਾਂ ਪਾਰਟੀ ਦਾ ਮੁਕੰਮਲ ਵਿਸਥਾਰ ਕਰਨਾ ਹੈ।
Sukhdev Singh Dhindsa
ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਹੈ। ਇਸ ਲਈ ਇਸ ਦੀ ਜਾਂਚ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਫਿਰ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੋਰਖ ਧੰਦੇ ਦਾ ਵੱਡੇ ਆਗੂਆਂ ਅਤੇ ਅਫ਼ਸਰਸ਼ਾਹੀ ਦੀ ਸ਼ਹਿ ਬਿਨਾਂ ਚੱਲਣਾ ਨਾਮੁਮਕਿਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।