
ਇਥੋਂ ਕਰੀਬ 5 ਕਿਲੋਮੀਟਰ ਦੂਰ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਸਥਿਤ ਪਿੰਡ ਕੋਠੇ ਰਾਮਸਰ ਵਿਖੇ ਇਕ ਤੇਜ਼ ਰਫ਼ਤਾਰ ਸਕਾਰਪੀਉ ਗੱਡੀ ਦੀ ਲਪੇਟ 'ਚ ਆ ਕੇ ਮਰਦ ਤੇ ਔਰਤ...
ਕੋਟਕਪੂਰਾ, 8 ਅਗੱਸਤ (ਗੁਰਿੰਦਰ ਸਿੰਘ) : ਇਥੋਂ ਕਰੀਬ 5 ਕਿਲੋਮੀਟਰ ਦੂਰ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਸਥਿਤ ਪਿੰਡ ਕੋਠੇ ਰਾਮਸਰ ਵਿਖੇ ਇਕ ਤੇਜ਼ ਰਫ਼ਤਾਰ ਸਕਾਰਪੀਉ ਗੱਡੀ ਦੀ ਲਪੇਟ 'ਚ ਆ ਕੇ ਮਰਦ ਤੇ ਔਰਤ ਦੀ ਦੁਖਦਾਇਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਸਕਾਰਪੀਉ ਗੱਡੀ ਤੇ ਉਸਦੇ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।
ਪੁਲਿਸ ਨੂੰ ਦਿਤੇ ਬਿਆਨਾਂ 'ਚ ਕੁਲਵੰਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕੋਠੇ ਰਾਮਸਰ (ਢਿੱਲਵਾਂ ਕਲਾਂ) ਨੇ ਦਸਿਆ ਕਿ ਉਸਦਾ ਪਿਤਾ ਨੱਥਾ ਸਿੰਘ (70) ਖੇਤ ਗੇੜਾ ਮਾਰਨ ਗਿਆ ਤੇ ਜਦ ਉਹ ਅਪਣੇ ਸਾਈਕਲ 'ਤੇ ਬੀਤੀ ਸ਼ਾਮ ਕਰੀਬ 4:30 ਵਜੇ ਢਿੱਲਵਾਂ ਕਲਾਂ ਵਾਲੇ ਪਾਸਿਉਂ ਵਾਪਸ ਘਰ ਨੂੰ ਪਰਤ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਸਕਾਰਪੀਉ ਗੱਡੀ ਦੇ ਚਾਲਕ ਅਕਾਸ਼ਦੀਪ ਸਿੰਘ ਪੁੱਤਰ ਨੈਬ ਸਿੰਘ ਵਾਸੀ ਬਰਗਾੜੀ ਨੇ ਸਾਈਕਲ ਦੇ ਪਿੱਛੋਂ ਟੱਕਰ ਮਾਰ ਦਿਤੀ, ਜਿਸ ਕਰ ਕੇ ਉਸਦੇ ਪਿਤਾ ਦੀ ਮੌਤ ਹੋ ਗਈ।
ਉਕਤ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਸ਼ਿਕਾਇਤ ਕਰਤਾ ਦੇ ਘਰ ਨੇੜੇ ਹੀ ਟਾਹਲੀ ਦੀ ਛਾਂ ਹੇਠ ਆਪਣੇ ਘਰ ਦੇ ਬਾਹਰ ਬੈਠੇ ਬੂਟਾ ਸਿੰਘ ਤੇ ਉਸਦੀ ਪਤਨੀ ਬਿੰਦਰ ਕੌਰ ਲਈ ਕਹਿਰ ਸਾਬਤ ਹੋਈ, ਕਿਉਂਕਿ ਅਣਕਿਆਸੀ ਮੁਸੀਬਤ ਕਾਰਨ ਦੋਨੋਂ ਸਖ਼ਤ ਜ਼ਖ਼ਮੀ ਹੋ ਗਏ, ਦੋਨਾਂ ਨੂੰ ਜ਼ਖ਼ਮੀ ਹਾਲਤ 'ਚ ਪੈਟਰੋਲਿੰਗ ਪੁਲਿਸ ਪਾਰਟੀ ਨੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖ਼ਲ ਕਰਵਾਇਆ ਗਿਆ। ਸਥਾਨਕ ਸਦਰ ਥਾਣੇ ਦੇ ਮੁਖੀ ਮੈਡਮ ਬੇਅੰਤ ਕੌਰ ਨੇ ਦਸਿਆ ਕਿ ਗੱਡੀ ਨੂੰ ਕਬਜੇ 'ਚ ਲੈ ਕੇ ਅਕਾਸ਼ਦੀਪ ਸਿੰਘ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਅਕਾਸ਼ਦੀਪ ਵਿਰੁਧ ਮਾਮਲਾ ਦਰਜ ਕਰਨ ਉਪਰੰਤ ਨੱਥਾ ਸਿੰਘ ਅਤੇ ਬਿੰਦਰ ਕੌਰ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿਤੀਆਂ ਹਨ।