
ਐਮਨੈਸਟੀ ਇੰਟਰਨੈਸ਼ਨਲ ਵਲੋਂ ਕਰਵਾਈ ਫ਼ੋਰੈਂਜ਼ਿਕ ਜਾਂਚ ਵਿਚ ਖਾਲੜਾ ਮਿਸ਼ਨ ਦੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਦੇ ਫ਼ੋਨ ਦੀ ਵੀ ਜਾਸੂਸੀ ਕਰਵਾਈ ਗਈ
ਅੰਮਿ੍ਰਤਸਰ, 8 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਇਕ ਤੋਂ ਬਾਅਦ ਇਕ ਪੰਥਕ ਸ਼ਖ਼ਸੀਅਤਾਂ ਹਿੰਦੁਸਤਾਨੀ ਏਜੰਸੀਆਂ ਦੇ ਨਿਸ਼ਾਨੇ ਤੇ ਹਨ। ਹੁਣ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆਇਆ ਹੈ।
ਫ਼ਰਾਂਸ ਦੀ ਖ਼ਬਰ ਸੰਸਥਾ ਫ਼ਾਰਬਿਡਨ ਸਟੋਰੀਜ ਅਤੇ ਐਮਨੈਸਟੀ ਇੰਟਰਨੈਸ਼ਨਲ ਦੇ ਸਾਂਝੇ ਯਤਨਾਂ ਸਦਕਾ ਸਾਹਮਣੇ ਆਇਆ ਹੈ ਕਿ ਭਾਰਤ ਵਲੋਂ ਕਈ ਮਨੁੱਖੀ ਅਧਿਕਾਰਾਂ ਤੇ ਰਾਜਨੀਤਕ ਕਾਰਕੁਨਾਂ ਦੇ ਫ਼ੋਨਾਂ ਦੀ ਜਸੂਸੀ ਇਜ਼ਰਾਇਲੀ ਸਾਫ਼ਟਵੇਅਰ ਪੇਗਾਸਸ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਕਈ ਪੱਤਰਕਾਰਾਂ ਤੋਂ ਬਾਅਦ ਹੁਣ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਕੇਸ ਲੜਨ ਵਾਲੇ ਵਕੀਲ ਸ. ਜਗਦੀਪ ਸਿੰਘ ਰੰਧਾਵਾ ਅਤੇ ਸ. ਜਸਪਾਲ ਸਿੰਘ ਮੰਝਪੁਰ ਦੇ ਏਜੰਸੀਆਂ ਦੇ ਨਿਸ਼ਾਨੇ ਤੇ ਹੋਣ ਬਾਰੇ ਤੱਥ ਸਾਹਮਣੇ ਆਏ ਹਨ। ਜਗਦੀਪ ਸਿੰਘ ਰੰਧਾਵਾ ਖਾਲੜਾ ਮਿਸ਼ਨ ਦੇ ਮੁੱਖ ਵਕੀਲ ਹਨ ਜੋ ਭਾਰਤੀ ਫ਼ੋਰਸਾਂ ਵਲੋਂ ਜਬਰੀ ਚੁੱਕ ਕੇ ਮਾਰੇ ਨੌਜਵਾਨਾਂ ਦਾ ਥਹੁ ਪਤਾ ਲਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਲੰਮੀ ਕਾਨੂੰਨੀ ਲੜਾਈ ਲੜ ਰਹੇ ਹਨ। ਐਮਨੈਸਟੀ ਇੰਟਰਨੈਸ਼ਨਲ ਵਲੋਂ ਕਰਵਾਈ ਫ਼ੋਰੈਂਜ਼ਿਕ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ 2019 ਦੇ ਅੱਧ ਵਿਚ ਰੰਧਾਵਾ ਦੇ ਫ਼ੋਨ ਦੀ ਜਾਸੂਸੀ ਕਰਵਾਈ ਗਈ।
2019 ਦੀ ਜੁਲਾਈ ਤੋਂ ਲੈ ਕੇ 5 ਅਗੱਸਤ ਤਕ ਉਨ੍ਹਾਂ ਦੀ ਜਸੂਸੀ ਕੀਤੀ ਗਈ। ਇਨ੍ਹਾਂ ਦਿਨਾਂ ਵਿਚ ਜਗਦੀਪ ਸਿੰਘ ਵਲੋਂ ਕੌਮਾਂਤਰੀ ਅਦਾਲਤ ਵਿਚ ਸਿੱਖਾਂ ਤੇ ਹੋਏ ਜਬਰ ਦਾ ਕੇਸ ਫ਼ਾਈਲ ਕੀਤਾ ਸੀ ਜਿਸ ਤੋਂ ਬਾਅਦ ਉਹ ਏਜੰਸੀਆਂ ਦੀ ਹਿੱਟ ਲਿਸਟ ਤੇ ਆ ਗਏ। ਇਸ ਤੋਂ ਇਲਾਵਾ ਯੂ ਏ ਪੀ ਤਹਿਤ ਜੇਲਾਂ ਵਿਚ ਡੱਕੇ ਸਿੱਖ ਨੌਜਵਾਨਾਂ ਦੇ ਕੇਸ ਲੜਨ ਵਾਲੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਦੇ ਫ਼ੋਨ ਦੀ ਸੰਭਾਵੀ ਜਾਸੂਸੀ ਹੋਈ ਹੈ।
ਮੰਝਪੁਰ ਦਾ ਫ਼ੋਨ ਜਾਂਚ ਲਈ ਮੁਹਈਆ ਨਾ ਹੋਣ ਕਾਰਨ ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਸ਼ੰਕਾ ਜ਼ਾਹਰ ਕੀਤਾ ਗਿਆ ਹੈ ਕਿ ਨੈਵਰਫਾਰਦਗੈਟ 1984 ਡਾਟ ਕਾਮ ਚਲਾਉਣ ਵਾਲੇ ਇੰਗਲੈਂਡ ਵਾਸੀ ਸਿੱਖ ਨੌਜਵਾਨ ਸ. ਜਗਤਾਰ ਸਿੰਘ ਜੋਹਲ ਦਾ ਕੇਸ ਫੜਨ ਕਾਰਨ ਸ. ਜਸਪਾਲ ਸਿੰਘ ਦੇ ਫ਼ੋਨ ਦੀ ਜਾਸੂਸੀ 2017 ਵਿਚ ਕੀਤੀ ਗਈ ਸੀ। ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਵਲੋਂ ਪਹਿਲਾਂ ਵੀ ਕਈ ਵਾਰ ਦਿੱਲੀ ਬੁਲਾ ਕੇ ਪੁੱਛ ਪੜਤਾਲ ਕੀਤੀ ਜਾਂਦੀ ਰਹੀ ਹੈ ਤਾਂ ਜੋ ਅਜਿਹੇ ਕੇਸ ਨਾ ਲੜਨ।