
ਅਗੱਸਤ ਦੇ ਪਹਿਲੇ ਹਫ਼ਤੇ ਬਿਜਲੀ ਦੀ ਖਪਤ 9.3 ਫ਼ੀ ਸਦੀ ਵਧ ਕੇ 28.08 ਅਰਬ ਯੂਨਿਟ ’ਤੇ ਪਹੁੰਚੀ
ਨਵੀਂ ਦਿੱਲੀ, 8 ਅਗੱਸਤ : ਸੂਬਿਆਂ ਵਲੋਂ ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਢਿੱਲ ਦਿਤੇ ਜਾਣ ਤੋਂ ਬਾਅਦ ਦੇਸ਼ ਵਿਚ ਬਿਜਲੀ ਦੀ ਖਪਤ ਅਗੱਸਤ ਦੇ ਪਹਿਲੇ ਹਫ਼ਤੇ 9.3 ਫ਼ੀ ਸਦੀ ਵਧ ਕੇ 28.08 ਅਰਬ ਯੂਨਿਟ ਹੋ ਗਈ ਹੈ। ਇਹ ਜਾਣਕਾਰੀ ਬਿਜਲੀ ਮੰਤਰਾਲੇ ਦੇ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। 1-7 ਅਗੱਸਤ, 2020 ਦੌਰਾਨ ਬਿਜਲੀ ਦੀ ਖਪਤ 25.69 ਅਰਬ ਯੂਨਿਟ ਸੀ। ਇਹ ਮਹਾਂਮਾਰੀ ਤੋਂ ਪਹਿਲਾਂ 1-7 ਅਗੱਸਤ, 2019 ਵਿਚ 25.18 ਅਰਬ ਯੂਨਿਟ ਰਹੀ ਸੀ।
ਪਿਛਲੇ ਸਾਲ, ਅਗੱਸਤ ਮਹੀਨੇ ਵਿਚ ਬਿਜਲੀ ਦੀ ਖਪਤ 109.21 ਅਰਬ ਯੂਨਿਟ ਸੀ, ਜੋ ਕਿ ਅਗੱਸਤ 2019 ਦੇ 111.52 ਅਰਬ ਯੂਨਿਟ ਦੇ ਅੰਕੜੇ ਤੋਂ ਘੱਟ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਅਗੱਸਤ ਦੇ ਪਹਿਲੇ ਹਫਤੇ ਬਿਜਲੀ ਦੀ ਮੰਗ ਵਿਚ ਨਿਰੰਤਰ ਸੁਧਾਰ ਹੋਇਆ ਹੈ ਅਤੇ ਸੂਬਿਆਂ ਦੁਆਰਾ ਲਾਕਡਾਊਨ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਬਾਅਦ ਆਰਥਕ ਗਤੀਵਿਧੀਆਂ ਵਿਚ ਤੇਜੀ ਨਾਲ ਬਿਜਲੀ ਦੀ ਮੰਗ ਹੋਰ ਵਧੇਗੀ।
ਉਨ੍ਹਾਂ ਕਿਹਾ ਕਿ ਵਪਾਰਕ ਅਤੇ ਉਦਯੋਗਿਕ ਮੰਗ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਮੰਗ ਅਤੇ ਖਪਤ ਵਿਚ ਹੋਰ ਸੁਧਾਰ ਦੇਖਣ ਨੂੰ ਮਿਲੇਗਾ। ਇਸ ਸਾਲ ਅਪ੍ਰੈਲ ਤੋਂ ਬਿਜਲੀ ਦੀ ਵਪਾਰਕ ਅਤੇ ਉਦਯੋਗਿਕ ਮੰਗ ਰਾਜਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਨਾਲ ਪ੍ਰਭਾਵਤ ਹੋਈ ਹੈ। ਅਗੱਸਤ ਦੇ ਪਹਿਲੇ ਹਫ਼ਤੇ, ਪੀਕ ਆਵਰ ਬਿਜਲੀ ਦੀ ਮੰਗ ਜਾਂ ਪੀਕ ਡੇ ਬਿਜਲੀ ਸਪਲਾਈ 188.59 ਗੀਗਾਵਾਟ ਸੀ। ਇਹ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਦਰਜ 165.42 ਗੀਗਾਵਾਟ ਦੇ ਮੁਕਾਬਲੇ 14 ਫ਼ੀ ਸਦੀ ਵੱਧ ਹੈ। ਅਗੱਸਤ, 2020 ਦੇ ਪੂਰੇ ਮਹੀਨੇ ਲਈ ਪੀਕ ਬਿਜਲੀ ਦੀ ਮੰਗ 167.52 ਗੀਗਾਵਾਟ ਸੀ। ਇਹ 2019 ਦੇ ਉਸੇ ਮਹੀਨੇ ਦੇ 177.52 ਗੀਗਾਵਾਟ ਦੇ ਅੰਕੜੇ ਤੋਂ ਘੱਟ ਹੈ। (ਏਜੰਸੀ)