
ਹੁਣ ਗੈਂਗਸਟਰ ਬਿਸ਼ਨੋਈ ਨੇ ਦਿਤੀ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ
ਚੰਡੀਗੜ੍ਹ, 8 ਅਗੱਸਤ (ਭੁੱਲਰ) : ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਬੰਬੀਹਾ ਗਰੁਪ ਵਿਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਗੈਂਗਵਾਰ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਵਿੱਕੀ ਦੇ ਕਤਲ ਦੀ ਜ਼ਿੰਮੇਵਾਰੀ ਬੀਤੇ ਦਿਨ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਵਿੰਦਰ ਬੰਬੀਹਾ ਗਰੁਪ ਨੇ ਲਈ ਸੀ। ਉਨ੍ਹਾਂ ਦੋਸ਼ ਲਾਇਆ ਗਿਆ ਸੀ ਕਿ ਵਿੱਕੀ ਉਨ੍ਹਾਂ ਦੀ ਜਾਣਕਾਰੀ ਬਿਸ਼ਨੋਈ ਗਰੁਪ ਨੂੰ ਦਿੰਦਾ ਸੀ ਅਤੇ ਪੈਸੇ ਦੀ ਵਸੂਲੀ ਲਈ ਕਲਾਕਾਰਾਂ ਤੇ ਵਪਾਰੀ ਲੋਕਾਂ ਦੇ ਨੰਬਰ ਮੁਹਈਆ ਕਰਵਾਉਂਦਾ ਸੀ। ਅੱਜ ਲਾਰੇਂਸ ਬਿਸ਼ਨੋਈ ਦੇ ਨਾਂ ਹੇਠ ਇਸ ਗਰੁਪ ਵਲੋਂ ਪਾਈ ਪੋਸਟ ਵਿਚ ਛੇਤੀ ਹੀ ਵਿੱਕੀ ਦਾ ਕਤਲ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਧਮਕੀ ਦਿਤੀ ਗਈ ਹੈ। ਕਿਹਾ ਗਿਆ ਕਿ ਵਿੱਕੀ ਦਾ ਕਤਲ ਕਰਨ ਵਾਲੇ ਅਪਣੀ ਮੌਤ ਲਈ ਤਿਆਰ ਹੋ ਜਾਣ। ਹੁਣ ਜ਼ਿਆਦਾ ਕੱੁਝ ਨਹੀਂ ਕਹਿਣਾ ਹੈ ਕਰ ਕੇ ਹੀ ਦਿਖਾਵਾਂਗੇ। ਵਿੱਕੀ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਬਿਸ਼ਨੋਈ ਨੇ ਕਿਹਾ ਕਿ ਉਸ ਦਾ ਅਪਰਾਧਾਂ ਦੇ ਕਿਸੇ ਮਾਮਲੇਂ ਨਾਲ ਕੋਈ ਸਬੰਧ ਨਹੀਂ ਸੀ।