
ਭਾਰਤ-ਇੰਗਲੈਂਡ ਪਹਿਲਾ ਟੈਸਟ
ਨਾਟਿੰਘਮ, 8 ਅਗੱਸਤ : ਇੰਗਲੈਂਡ ਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੈਚ ਜੋ ਨਾਟਿੰਘਮ ਸਥਿਤ ਟ੍ਰੇਂਟ ਬ੍ਰਿਜ ’ਚ ਖੇਡਿਆ ਜਾ ਰਿਹਾ ਸੀ, ਉਹ ਡਰਾਅ ਹੋ ਗਿਆ ਹੈ। ਜੇਕਰ ਅੱਜ ਪੂਰਾ ਦਿਨ ਮੈਚ ਹੋ ਜਾਂਦਾ ਤਾਂ ਭਾਰਤ ਦੀ ਜਿੱਤ ਨਿਸ਼ਚਿਤ ਸੀ ਕਿਉਂਕਿ ਭਾਰਤ ਨੂੰ ਜਿੱਤ ਲਈ ਕੇਵਲ 157 ਦੌੜਾਂ ਦੀ ਲੋੜ ਸੀ। ਪਹਿਲੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ।
ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ ’ਤੇ ਖ਼ਤਮ ਹੋ ਗਈ ਸੀ ਤੇ ਜਵਾਬ ਵਿਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 278 ਦੌੜਾਂ ਬਣਾਈਆਂ ਸਨ। ਭਾਰਤ ਨੇ ਇੰਗਲੈਂਡ ’ਤੇ ਪਹਿਲੀ ਪਾਰੀ ਦੇ ਆਧਾਰ ’ਤੇ 95 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਉਥੇ ਇੰਗਲੈਂਡ ਦੀ ਟੀਮ ਨੇ ਕਪਤਾਨ ਜੋ ਰੂਟ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦੂਜੀ ਪਾਰੀ ’ਚ 303 ਦੌੜਾਂ ਬਣਾਈਆਂ ਤੇ ਭਾਰਤ ਨੂੰ ਆਖਰੀ ਪਾਰੀ ’ਚ 209 ਦੌੜਾਂ ਦਾ ਟੀਚਾ ਦਿਤਾ।
209 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਰੋਹਿਤ ਅਤੇ ਰਾਹੁਲ ਦੀ ਜੋੜੀ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿਤੀ ਪਰ ਰਾਹੁਲ 26 ਦੌੜਾਂ ਬਣਾ ਕੇ ਬ੍ਰਾਡ ਦੀ ਗੇਂਦ ’ਤੇ ਬਟਲਰ ਨੂੰ ਕੈਚ ਦੇ ਕੇ ਆਊਟ ਹੋ ਗਏ।
ਭਾਰਤ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਇਕ ਵਿਕਟ ਦੇ ਨੁਕਸਾਨ ’ਤੇ 52 ਦੌੜਾਂ ਬਣਾਂ ਲਈਆਂ ਹਨ ਅਤੇ ਮੈਚ ਦੇ ਆਖ਼ਰੀ ਦਿਨ 157 ਦੌੜਾਂ ਬਣਾਉਣੀਆਂ ਹਨ। ਰੋਹਿਤ ਅਤੇ ਪੁਜਾਰਾ 12-12 ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ। ਜਿਵੇਂ ਹੀ ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋਣੀ ਸੀ ਤਾਂ ਮੀਂਹ ਨੇ ਰੁਕਾਵਟ ਪਾ ਦਿਤੀ ਤੇ ਪੂਰਾ ਦਿਨ ਮੈਚ ਨਾ ਹੋ ਸਕਿਆ ਤੇ ਅਖ਼ੀਰ ਮੈਚ ਰੈਫ਼ਰੀ ਨੇ ਮੈਚ ਨੂੰ ਡਰਾਅ ਐਲਾਨ ਦਿਤਾ ਤੇ ਭਾਰਤ ਹੱਥੋਂ ਜਿੱਤ ਦਾ ਮੌਕਾ ਵੀ ਨਿਕਲ ਗਿਆ। (ਏਜੰਸੀ)