
ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿਚ ਵੇਖੀ ਗਈ ਕਮੀ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼
ਚੰਡੀਗੜ੍ਹ, 8 ਅਗੱਸਤ (ਸੱਤੀ) : ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿਚ ਪਾਈ ਗਈ ਘਾਟ ਲਈ ਜਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਆਸ਼ੂ ਨੇ ਦਸਿਆ ਕਿ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਮੁੱਖ ਦਫ਼ਤਰ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਕੇਂਦਰ ਜੰਡਿਆਲਾ ਗੁਰੂ ਵਿਖੇ ਤਾਇਨਾਤ ਨਿਰੀਖਕ, ਸ੍ਰੀ ਜਸਦੇਵ ਸਿੰਘ ਦੇ ਅਚਾਨਕ ਲਾਪਤਾ ਹੋਣ ਬਾਰੇ ਸੂਚਨਾ ਮਿਲਣ ’ਤੇ ਤੁਰਤ ਮੁੱਖ ਦਫ਼ਤਰ ਦੀ ਸੈਂਟਰਲ ਵਿਜੀਲੈਂਸ ਕਮੇਟੀ (ਸੀ.ਵੀ.ਸੀ) ਨੂੰ ਟੀਮਾਂ ਦਾ ਗਠਨ ਕਰ ਕੇ ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਦੇ ਗੋਦਾਮਾਂ/ਪਲਿੰਥਾਂ ਦੀ ਸਪੈਸ਼ਲ ਪੀ.ਵੀ. ਕਰਨ ਲਈ ਹਦਾਇਤ ਕੀਤੀ ਗਈ। ਸੀ.ਵੀ.ਸੀ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਪੜਤਾਲ ਕੀਤੀ ਗਈ, ਜਿਸ ਦੀ ਮੁਢਲੀ ਰੀਪੋਰਟ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19, 2020-21 ਅਤੇ 2021-22 ਦੇ ਕੇਂਦਰੀ ਪੂਲ ਅਤੇ ਡੀ.ਸੀ.ਪੀ ਕਣਕ ਦੇ ਸਟਾਕ ਵਿਚ 184344 ਬੋਰੀਆਂ (50 ਕਿਲੋ ਜੂਟ 30 ਕਿਲੋ ਪੀ.ਪੀ ) ਦੀ ਘਾਟ ਪਾਈ ਗਈ ਹੈ, ਜਿਸ ਦੀ ਕੀਮਤ ਤਕਰੀਬਨ 20 ਕਰੋੜ ਰੁਪਏ ਬਣਦੀ ਹੈ। ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਉਨ੍ਹਾਂ ਵਲੋਂ ਇਸ ਕੇਸ ਵਿਚ ਸਾਰੇ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ, ਜਿਨਾਂ ਅਨੁਸਾਰ ਅੰਮ੍ਰਿਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਤਾਇਨਾਤ ਸ੍ਰੀ ਅਮਰਿੰਦਰ ਸਿੰਘ, ਡੀ.ਐਫ.ਐਸ.ਓ. ਅਤੇ ਸ੍ਰੀ ਅਰਸ਼ਦੀਪ ਸਿੰਘ , ਏ.ਐਫ.ਐਸ.ਓ. ਨੂੰ ਤੁਰੰਤ ਮੁਅੱਤਲੀ ਅਧੀਨ ਕਰਦੇ ਹੋਏ, ਉਨ੍ਹਾਂ ਵਿਰੁਧ ਵਿਭਾਗੀ ਕਾਰਵਾਈ/ਚਾਰਜਸ਼ੀਟ ਕਰਨ ਦੇ ਹੁਕਮ ਦਿਤੇ ਗਏ ਹਨ। ਇਸ ਤੋਂ ਇਲਾਵਾ , ਸ੍ਰੀ ਰਾਜ ਰਿਸ਼ੀ ਮਹਿਰਾ, ਡੀ.ਐਫ.ਐਸ.ਸੀ. ਅੰਮਿ੍ਰਤਸਰ ਅਤੇ ਉਨ੍ਹਾਂ ਤੋਂ ਪਹਿਲਾਂ ਤਾਇਨਾਤ ਡੀ.ਐਫ.ਐਸ.ਸੀ. ਅੰਮ੍ਰਿਤਸਰ , ਸ੍ਰੀਮਤੀ ਜਸਜੀਤ ਕੌਰ ਵਿਰੁਧ ਵੀ ਸੁਪਰਵਾਇਜ਼ਰੀ ਲੈਪਸ ਅਤੇ ਅਣਗਹਿਲੀ ਕਾਰਨ ਵਿਭਾਗੀ ਕਾਰਵਾਈ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਦੋਸ਼ੀ ਨਿਰੀਖਕ ਵਿਰੁਧ ਐਫ਼.ਆਈ.ਆਰ ਨੰ 0239 ਮਿਤੀ 06.08.2021 ਦਰਜ ਕਰਵਾਈ ਗਈ ਹੈ ।
ਸੀ.ਵੀ.ਸੀ ਦੀ ਮੁਢਲੀ ਰੀਪੋਰਟ ਵਿਚ ਕਣਕ ਦੀ ਬੋਗਸ ਖ਼ਰੀਦ ਅਤੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿਚ ਵੀ ਹੇਰਾਫੇਰੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਇਸ ਸਬੰਧ ਵਿਚ ਸੀ.ਵੀ.ਸੀ. ਨੂੰ ਆਦੇਸ਼ ਦਿਤੇ ਗਏ ਹਨ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ, ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 ਤੋਂ ਕੇਂਦਰੀ ਪੂਲ ਦੇ ਸਟਾਕ ਦੀ ਪੜਤਾਲ ਦੇ ਨਾਲ ਪੀ.ਐਮ.ਜੀ.ਕੇ.ਵਾਈ/ ਐਨ.ਐਫ਼.ਐਸ.ਏ.- 2013 ਅਧੀਨ ਵੰਡੀ ਗਈ ਕਣਕ ਬਾਰੇ ਵੀ ਰਿਪੋਰਟ ਦਿੱਤੀ ਜਾਵੇ। ਇਸ ਕੇਸ ਦੀ ਹੋਰ ਜਾਂਚ ਲਈ ਚੌਕਸੀ ਵਿਭਾਗ, ਪੰਜਾਬ ਨੂੰ ਵੀ ਲਿਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਖੁਰਾਕ ਅਤੇ ਸਪਲਾਈਜ਼ ਮੰਤਰੀ, ਪੰਜਾਬ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਂਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨੂੰ ਤਿੰਨ ਹਫ਼ਤਿਆਂ ’ਚ ਰੀਪੋਰਟ/ਸੁਝਾਅ ਦੇਣ ਲਈ ਹਦਾਇਤ ਕੀਤੀ ਗਈ ਹੈ।