
ਨੌਜਵਾਨ ਦੀ ਹਸਪਤਾਲ 'ਚ ਹੋਈ ਮੌਤ
ਤਰਨਤਾਰਨ (ਦਿਲਬਾਗ ਸਿੰਘ) – ਤਰਨਤਾਰਨ ਦੇ ਕਸਬਾ ਝਬਾਲ ਵਿਖੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਇਕ ਸਪੇਅਰ ਪਾਰਟ ਦੀ ਦੁਕਾਨ ’ਚ ਆਏ ਹੋਏ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੁਕਾਨਦਾਰ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਉਨ੍ਹਾਂ ਦੀ ਦੁਕਾਨ ਵਿਚ ਪਿਛਲੇ ਲੰਮੇ ਸਮੇਂ ਤੋਂ ਚੋਰੀ ਕਰ ਰਿਹਾ ਸੀ ਅਤੇ ਅੱਜ ਰੰਗੇ ਹੱਥੀਂ ਕਾਬੂ ਕਰ ਲਿਆ ਇਸ ਕਰ ਕੇ ਉਸ ਦੀ ਮਾਮੂਲੀ ਕੁੱਟਮਾਰ ਕੀਤੀ ਸੀ।
ਉਥੇ ਹੀ ਦੂਜੇ ਪਾਸੇ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਕੰਮ ਕਰਨ ਲਈ ਇਸ ਦੁਕਾਨ ’ਤੇ ਆਉਣ ਦੀ ਗੱਲ ਕਹਿ ਕੇ ਘਰੋਂ ਆਇਆ ਸੀ, ਜਿਸ ਨੂੰ ਰੰਜਿਸ਼ ਤਹਿਤ ਮਾਰਿਆ ਗਿਆ ਹੈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੰਜ ਲੋਕਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਰਨਜੀਤ ਕੌਰ ਵਾਸੀ ਬਘਿਆੜੀ ਜੋ ਹੁਣ ਦਸਮੇਸ਼ ਨਗਰ ਅੰਮ੍ਰਿਤਸਰ ਵਿਖੇ ਰਹਿੰਦੀ ਹੈ, ਉਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਸ਼ਰਨਜੀਤ ਸਿੰਘ ਕਾਫ਼ੀ ਸਮਾਂ ਪਹਿਲਾਂ ਸ਼ਰਨ ਸਪੇਅਰ ਪਾਰਟ ਨਾਮਕ ਦੁਕਾਨ ’ਤੇ ਨੌਕਰੀ ਕਰਦਾ ਸੀ।
ਉਕਤ ਦੁਕਾਨ ਦੇ ਮਾਲਕ ਉਸ ਦੇ ਪਤੀ ’ਤੇ ਚੋਰੀ ਦਾ ਸ਼ੱਕ ਕਰਦੇ ਸੀ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਉਸ ਦਾ ਪਤੀ ਘਰੋਂ ਇਹ ਕਹਿ ਕੇ ਆਇਆ ਸੀ ਕਿ ਭੁਪਿੰਦਰ ਸਿੰਘ ਹੁਰਾਂ ਦੀ ਦੁਕਾਨ ’ਤੇ ਕੰਮ ਕਰਨ ਲਈ ਚੱਲਿਆ ਹੈ, ਜਿੱਥੇ ਉਨ੍ਹਾਂ ਨੇ ਫੜ੍ਹ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਪਹਿਲਾਂ ਅੱਧ ਮਰਿਆ ਕਰ ਦਿੱਤਾ ਅਤੇ ਫਿਰ ਚੁੱਕ ਕੇ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਦੇ ਉਕਤ ਬਿਆਨਾਂ ਦੇ ਆਧਾਰ ’ਤੇ ਭੁਪਿੰਦਰ ਸਿੰਘ, ਉਸ ਦੇ ਪਿਤਾ ਹਰਜੀਤ ਸਿੰਘ ਤੋਂ ਇਲਾਵਾ ਬਿਕਰਮਜੀਤ ਸਿੰਘ, ਇੰਦਰਜੀਤ ਸਿੰਘ, ਜੱਜਬੀਰ ਸਿੰਘ ਖਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਉਨ੍ਹਾਂ ਕੋਲ ਪੇਸ਼ ਵੀ ਹੋ ਗਿਆ ਹੈ। ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮੁਲਜ਼ਮ ਬਣਾਏ ਗਏ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਸ਼ਰਨ ਸਿੰਘ ਅਤੇ ਹਰਜੀਤ ਸਿੰਘ ਦੀਆਂ ਸਪੇਅਰ ਪਾਰਟਸ ਦੀਆਂ ਦੁਕਾਨਾਂ ਹਨ, ਜਿਸ ਵਿਚੋਂ ਸ਼ਰਨਜੀਤ ਸਿੰਘ ਪੁੱਤਰ ਰਤਨ ਸਿੰਘ ਕਾਫ਼ੀ ਲੰਮੇ ਸਮੇਂ ਤੋਂ ਚੋਰੀ ਕਰਦਾ ਆ ਰਿਹਾ ਸੀ, ਜਿਸ ਦੀ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੀਡੀਓਗ੍ਰਾਫ਼ੀ ਵੀ ਕੀਤੀ ਅਤੇ ਉਸ ਨੂੰ ਬੀਤੇ ਦਿਨ ਸਵੇਰੇ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ। ਉਸ ਦੇ ਚਚੇਰੇ ਭਰਾਵਾਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਕਰਨ ਵਾਲੇ ਸ਼ਰਨਜੀਤ ਨੂੰ ਕਾਬੂ ਕਰਕੇ ਉਸ ਦੀ ਥੋੜ੍ਹੀ ਕੁੱਟਮਾਰ ਵੀ ਕੀਤੀ ਹੈ। ਉਸ ਨੇ ਤੁਰੰਤ ਪੁਲਸ ਹੈਲਪਲਾਈਨ ’ਤੇ ਫੋਨ ਕਰਕੇ ਵੀ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਉਨ੍ਹਾਂ ਨੇ ਕਾਬੂ ਕਰ ਲਿਆ ਹੈ ਜਦਕਿ ਉਸ ਨੇ ਅਤੇ ਉਸ ਦੇ ਭਰਾ ਨੇ ਉਸ ਦੀ ਕੋਈ ਕੁੱਟਮਾਰ ਨਹੀਂ ਕੀਤੀ। ਉਨ੍ਹਾਂ ਦਾ ਨਾਂ ਸਿਆਸੀ ਰੰਜਿਸ਼ ਕਰਕੇ ਪਰਚੇ ਵਿਚ ਪਵਾਇਆ ਗਿਆ ਹੈ।