
ਸਰਕਾਰੀ ਸੇਵਾਵਾਂ ਲਈ ਇਮਤਿਹਾਨਾਂ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਬੁਰੀ ਤਰ੍ਹਾਂ ਫ਼ੇਲ ਨਜ਼ਰ ਆਇਆ ਸਰਕਾਰੀ ਤੰਤਰ
ਸੰਗਰੂਰ, 8 ਅਗੱਸਤ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਸਰਕਾਰ ਵਲੋਂ ਪਟਵਾਰੀਆਂ ਸਮੇਤ ਹੋਰ ਕਈ ਸਰਕਾਰੀ ਸੇਵਾਵਾਂ ਲਈ 8 ਅਗੱਸਤ ਨੂੰ ਸੂਬੇ ਦਿਆਂ ਕਈ ਸ਼ਹਿਰਾਂ ਵਿਚ ਇਮਤਿਹਾਨ ਕੇਂਦਰ ਬਣਾਏ ਸਨ ਪਰ ਇਨ੍ਹਾਂ ਸੈਂਟਰਾਂ ਵਿਚ ਸਮੇਂ ਸਿਰ ਪਹੁੰਚਣ ਲਈ ਨੌਜਵਾਨ ਲੜਕੇ ਲੜਕੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਗਿਣਤੀ ਬੱਚਿਆਂ ਦਾ ਪੇਪਰ ਚੰਡੀਗੜ੍ਹ ਸੀ ਜਿਥੇ ਸਮੇਂ ਸਿਰ ਪਹੁੰਚਣ ਲਈ ਸੂਬੇ ਦੇ ਅਨੇਕਾਂ ਬੱਸ ਅੱਡਿਆਂ ’ਤੇ ਸਵੇਰ ਤੋਂ ਹੀ ਭੀੜਾਂ ਜੁੜੀਆਂ ਹੋਈਆਂ ਸਨ ਜਿਸ ਦੇ ਚਲਦਿਆਂ ਲੜਕੀਆਂ ਨੂੰ ਵੀ ਬਸਾਂ ਦੀਆ ਛੱਤਾਂ ’ਤੇੇ ਬੈਠ ਕੇ ਸਫ਼ਰ ਕਰਨਾ ਪਿਆ। ਸਰਕਾਰੀ ਤੰਤਰ ਇਨ੍ਹਾਂ ਇਮਤਿਹਾਨਾਂ ਨੂੰ ਲੈ ਕੇ ਬੁਰੀ ਤਰ੍ਹਾਂ ਫੇਲ ਨਜ਼ਰ ਆਇਆ ਕਿਉਂਕਿ ਬੱਚਿਆਂ ਨੂੰ ਉਨ੍ਹਾਂ ਦੇ ਇਮਤਿਹਾਨ ਕੇਂਦਰਾਂ ਤਕ ਪੁਚਾਉਣ ਲਈ ਪੁਖਤਾ ਇੰਤਜਾਮ ਨਹੀਂ ਸਨ ਕੀਤੇ ਗਏ। ਇਨ੍ਹਾਂ ਸਮੱਸਿਆਵਾਂ ਸਬੰਧੀ ਅੱਜ ਸੈਂਕੜੇ ਵੀਡੀਉਜ ਵਾਇਰਲ ਹੋਈਆਂ ਜਿਸ ਵਿਚ ਬੱਚਿਆਂ ਦੀ ਪ੍ਰੇਸ਼ਾਨੀ ਬਿਆਨ ਕੀਤੀ ਗਈ। 1100 ਪੋਸਟਾਂ ਲਈ ਲਗਭਗ ਪੌਣੇ ਤਿੰਨ ਲੱਖ ਬੱਚਿਆਂ ਨੇ ਅਪਲਾਈ ਕੀਤਾ ਹੋਇਆਂ ਸੀ ਅਤੇ ਇਨ੍ਹਾਂ ਅਰਜ਼ੀ ਦੇਣ ਵਾਲਿਆਂ ਵਿਚ ਐਮ.ਏ. ਬੀ.ਐਡ. ਐਮ.ਐਡ. ਐਮ ਫਿੱਲ, ਪੀ ਐਚ ਡੀ ਸਮੇਤ ਹੋਰ ਬਹੁਤ ਸਾਰੇ ਪੜ੍ਹੇ-ਲਿਖੇ ਬੱਚੇ ਵੀ ਸ਼ਾਮਲ ਸਨ।
ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਹਰ ਕੋਈ ਸਰਕਾਰੀ ਸੇਵਾ ਵਿਚ ਹੀ ਜਾਣਾ ਚਾਹੁੰਦਾ ਹੈ ਜਿਸ ਕਰ ਕੇ ਹਰ ਖੇਤਰ ਵਿਚ ਸਖ਼ਤ ਮੁਕਾਬਲੇਬਾਜ਼ੀ ਵੇਖੀ ਜਾ ਸਕਦੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਖਮੀਰ ਵਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਸੁੱਤੀ ਪਈ ਹੈ ਕਿੳਂੁਕਿ ਪਟਵਾਰੀ ਦੇ ਇਮਤਿਹਾਨਾਂ ਲਈ 100 ਕਿਲੋਮੀਟਰ ਦੂਰ ਸੈਂਟਰ ਬਣਾਏ ਗਏ ਸਨ ਜਿਸ ਕਾਰਨ ਸਾਡੀਆਂ ਨੌਜਵਾਨ ਲੜਕੀਆਂ ਨੂੰ ਰੁਜ਼ਗਾਰ ਦੀ ਭਾਲ ਲਈ ਬੱਸਾਂ ਦੀਆਂ ਛੱਤਾਂ ’ਤੇ ਸਫ਼ਰ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਰਕਾਰ ਟੈਸਟ ਲੈਣ ਲਈ ਬੱਚਿਆਂ ਤੋਂ ਫੀਸ ਪੂਰੀ ਲੈਂਦੀ ਹੈ ਤਾਂ ਬੱਚਿਆਂ ਨੂੰ ਨੇੜੇ ਸੈਂਟਰ ਦਾ ਪ੍ਰਬੰਧ ਕਿਉਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲੋਂ ਤਾਂ ਮੱਧ ਪ੍ਰਦੇਸ਼ ਦੀ ਸਰਕਾਰ ਸੂਝਵਾਨ ਹੈ ਜਿਸ ਨੇ ਜੁਡੀਸ਼ਰੀ ਦੇ ਇਮਤਿਹਾਨ ਲੈਣ ਲਈ ਬੱਚਿਆਂ ਦੀ ਖੱਜਲ ਖੁਆਰੀ ਦਾ ਧਿਆਨ ਰਖਦੇ ਹੋਏ ਬਠਿੰਡਾ ਵਿਖੇ ਸੈਂਟਰ ਬਣਾਇਆ ਸੀ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿਤਾ ਕਿ ਆਉਣ ਵਾਲੀਆਂ ਹੋਰ ਪੋਸਟਾਂ ਦੇ ਇਮਤਿਹਾਨਾਂ ਲਈ ਸੈਂਟਰ ਨੇੜੇ ਬਣਾਏ ਜਾਣ ਤਾਂ ਜੋ ਬੱਚਿਆਂ ਦੀ ਖੱਜਲ-ਖੁਆਰੀ ਬਚ ਸਕੇ।
ਫੋਟੋ 8-20 ਏ ਅਤੇ 8-20 ਬੀ