
ਮਹਿਲਾ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਆਗੂ ਦੇ ਘਰ ’ਤੇ ਚਲਿਆ ਬੁਲਡੋਜ਼ਰ
ਨੋਇਡਾ, 8 ਅਗੱਸਤ : ਓਮੈਕਸ ਸੁਸਾਇਟੀ ਵਿਚ ਮਹਿਲਾ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਆਗੂ ਸ੍ਰੀਕਾਂਤ ਤਿਆਗੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਗ੍ਰੈਂਡ ਓਮੈਕਸ ਸੁਸਾਇਟੀ ਵਿਚ ਸ੍ਰੀਕਾਂਤ ਤਿਆਗੀ ਦੇ ਨਾਜਾਇਜ਼ ਕਬਜ਼ੇ ’ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿਤਾ ਹੈ।
ਨੋਇਡਾ ਅਥਾਰਟੀ ਦੀ ਟੀਮ ਸਵੇਰੇ ਬੁਲਡੋਜ਼ਰ ਲੈ ਕੇ ਗ੍ਰੈਂਡ ਓਮੈਕਸ ਸੁਸਾਇਟੀ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿਤੀ। ਇਸ ਦੇ ਨਾਲ ਹੀ ਨੋਇਡਾ ਪੁਲਿਸ ਨੇ ਸ੍ਰੀਕਾਂਤ ਤਿਆਗੀ ਖ਼ਿਲਾਫ਼ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਤਿਆਗੀ ’ਤੇ ਔਰਤ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਹਾਲਾਂਕਿ ਪੁਲਿਸ ਤਿਆਗੀ ਨੂੰ ਫੜਨ ’ਚ ਕਾਮਯਾਬ ਨਹੀਂ ਹੋ ਸਕੀ ਹੈ। ਉਹ ਅਜੇ ਫਰਾਰ ਹੈ।
ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਵੀਣ ਮਿਸ਼ਰਾ ਨੇ ਦਸਿਆ ਕਿ ਸੋਮਵਾਰ ਸਵੇਰੇ ਕਰੀਬ 9 ਵਜੇ ਨੋਇਡਾ ਅਥਾਰਟੀ ਦੀ ਟੀਮ ਨੇ ਸ਼ਹਿਰ ਦੇ ਸੈਕਟਰ 93ਬੀ ਸਥਿਤ ਓਮੈਕਸ ਗ੍ਰੈਂਡ ਸੁਸਾਇਟੀ ’ਚ ਪਹੁੰਚ ਕੇ ਸ਼੍ਰੀਕਾਂਤ ਤਿਆਗੀ ਦੇ ਗ੍ਰਾਉਂਡ ਫਲੋਰ ਵਾਲੇ ਅਪਾਰਟਮੈਂਟ ਦੇ ਬਾਹਰ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹ ਦਿਤਾ। ਉਨ੍ਹਾਂ ਦਸਿਆ ਕਿ ਇਸ ਦੀ ਸ਼ਿਕਾਇਤ ਨੋਇਡਾ ਅਥਾਰਟੀ ਨੂੰ ਕੀਤੀ ਗਈ ਸੀ, ਜਿਸ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਦਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਤਿਆਗੀ ਵਲੋਂ ਸੁਸਾਇਟੀ ਦੀ ਸਾਂਝੀ ਥਾਂ ’ਤੇ ਬੂਟੇ ਲਾਉਣ ’ਤੇ ਇਤਰਾਜ ਪ੍ਰਗਟਾਇਆ ਸੀ, ਜਿਸ ਨਾਲ ਭੜਕ ਗਿਆ। ਸੁਸਾਇਟੀ ਵਿਚ ਕਲ ਸ਼ਾਮ ਤੋਂ ਹੀ ਭਾਰਤੀ ਗਿਣਤੀ ਵਿਚ ਪੁਲਿਸ ਕਰਮੀ ਤੈਨਾਤ ਹੈ। ਸੀਨੀਅਰ ਅਧਿਕਾਰੀਆਂ ਨੇ ਸੁਸਾਇਟੀ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਰਕਾਰ ਵਲੋਂ ਨਜਾਇਜ਼ ਉਸਾਰੀ ਨੂੰ ਢਾਹੇ ਜਾਣ ’ਤੇ ਖ਼ੁਸ਼ ਜਾਹਿਰ ਕੀਤੀ ਹੈ। ਉਨ੍ਹਾਂ ਨੇ ਤਿਆਗੀ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਨੋਇਡਾ ਪੁਲਿਸ ਨੇ ਮਹਿਲਾ ਨਾਲ ਅਸ਼ਲੀਲਤਾ ਕਰਨ ਦੇ ਦੋਸ਼ੀ ਸ੍ਰੀਕਾਂਤ ਦੇ ਸਮਰਥਨ ’ਚ ਪੀੜਤ ਮਹਿਲਾ ਨਾਲ ਬਦਸਲੂਕੀ ਕਰਨ ਅਤੇ ਉਸ ਨੂੰ ਧਮਕਾਉਣ ਦੇ ਦੋਸ਼ ਵਿਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਬੁਲਾਰੇ ਨੇ ਦਸਿਆ ਕਿ ਸਾਰੇ ਮੁਲਜ਼ਮ ਗਾਜੀਆਬਾਦ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਕੁੱਝ ਸਾਥੀ ਮੌਕੇ ਤੋਂ ਭੱਜ ਗਏ। ਪੁਲਿਸ ਉਨ੍ਹਾਂ ਦੀ ਤਾਲਾਸ਼ ਕਰ ਰਹੀ ਹੈ। ਬੁਲਾਰੇ ਨੇ ਦਸਿਆ ਕਿ ਸੁਸਾਇਟੀ ’ਚ ਰਹਿਣ ਵਾਲੀ ਮਹਿਲਾ ਦੇ ਘਰ ਐਤਵਾਰ ਰਾਤ ਕਰੀਬ 8.45 ਵਜੇ 10 ਦੇ ਕਰੀਬ ਲੋਕ ਦਾਖ਼ਲ ਹੋ ਗਏ ਅਤੇ ਮਹਿਲਾ ਨੂੰ ਧਮਕੀਆਂ ਦਿਤੀ ਅਤੇ ਬਦਸਲੂਕੀ ਵੀ ਕੀਤੀ। ਪੁਲਿਸ ਨੇ ਮੌਕੇ ਤੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਇਡਾ ਦੇ ਸੈਕਟਰ-93ਬੀ ਸਥਿਤ ਗ੍ਰੈਂਡ ਓਮੈਕਸ ਸੁਸਾਇਟੀ ਮਾਮਲੇ ਵਿਚ ਪੁਲਿਸ ਸਟੇਸ਼ਨ ਫ਼ੇਜ 2 ਦੇ ਇੰਚਾਰਜ ਸੁਜੀਤ ਉਪਾਧਿਆਏ ਨੂੰ ਲਾਪਰਵਾਹੀ ਲਈ ਮੁਅਤਲ ਕਰ ਦਿਤਾ ਗਿਆ ਹੈ। ਨੋਇਡਾ ਦੇ ਪੁਲਿਸ ਕਮਿਸ਼ਨਰ ਆਲੋਕ ਸਿੰਘ ਨੇ ਕਿਹਾ ਕਿ ਜਾਂਚ ਵਿਚ ਮਿਲਿਆ ਹੈ ਕਿ ਸੁਜੀਤ ਉਪਾਧਿਆਏ ਇਸ ਮਾਮਲੇ ਵਿਚ ਲਾਪਰਵਾਹੀ ਕਰ ਰਹੇ ਸਨ। ਇਸ ਪੂਰੇ ਮਾਮਲੇ ’ਤੇ ਅਲੋਕ ਸਿੰਘ ਨੇ ਕਿਹਾ ਕਿ ਅਸੀਂ ਪੀੜਤ ਪਰਵਾਰ ਨੂੰ ਸੁਰੱਖਿਆ ਮੁਹਈਆ ਕਰਵਾਈ ਹੈ। (ਏਜੰਸੀ)