
ਅਕਾਲੀ ਦਲ ਨੇ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਕੀਤੀ ਗਠਤ, ਮਲੂਕਾ ਕਰਨਗੇ ਅਗਵਾਈ
ਚੰਡੀਗੜ੍ਹ, 8 ਅਗੱਸਤ (ਸਸਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਤ ਕਰ ਦਿਤੀ ਹੈ। ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਜਥੇਦਾਰ ਸਿਕੰਦਰ ਸਿੰਘ ਮਲੂਕਾ ਕਰਨਗੇ।
ਕਮੇਟੀ ਦੇ ਹੋਰ ਮੈਂਬਰਾਂ ਵਿਚ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਵਿਰਸਾ ਸਿੰਘ ਵਲਟੋਹਾ, ਸ. ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀਆਂ ਰਵਾਇਤਾਂ ਮੁਤਾਬਕ ਪਾਰਟੀ ਪਲੇਟ ਫ਼ਾਰਮ ’ਤੇ ਹੀ ਖੁਲ੍ਹਦਿਲੀ ਨਾਲ ਲੋਕਤੰਤਰੀ ਤਰੀਕੇ ਨਾਲ ਵਿਚਾਰ ਰੱਖਣ ਅਤੇ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਪਾਰਟੀ ਦੀ ਜਥੇਬੰਦਕ ਏਕਤਾ ਤੇ ਮਜ਼ਬੂਤੀ ਬਾਰੇ ਗ਼ੈਰ ਲੋੜੀਂਦੇ ਭੁਲੇਖੇ ਫੈਲਾਉਣ ਦੀ ਆਗਿਆ ਨਾ ਦੇਣ।
ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਦੀ ਮਜ਼ਬੂਤੁੀ ਲਈ ਹਰ ਵਿਚਾਰ ਦਾ ਸਵਾਗਤ ਹੈ ਪਰ ਸਿਰਫ਼ ਪਾਰਟੀ ਪਲੇਟ ਫ਼ਾਰਮ ’ਤੇ ਜਿਵੇਂ ਕਿ ਬੀਤੇ ਸਮੇਂ ਵਿਚ ਪਾਰਟੀ ਦੀ ਰਵਾਇਤ ਰਹੀ ਹੈ। ਪਾਰਟੀ ਪਲੇਟ ਫ਼ਾਰਮ ਤੋਂ ਬਾਹਰ ਅਜਿਹੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਨੁਸ਼ਾਸਨਹੀਣਤਾ ਕਿਸੇ ਵੀ
ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪਾਰਟੀ ਦੇ ਅੰਦਰੂਨੀ ਮਾਮਲੇ ਹਮੇਸ਼ਾ ਪਾਰਟੀ ਪਲੇਟ ਫ਼ਾਰਮ ’ਤੇ ਹੀ ਵਿਚਾਰੇ ਜਾਣੇ ਚਾਹੀਦੇ ਹਨ। ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਦੀ ਕੋਈ ਥਾਂ ਨਹੀਂ ਹੈ ਤੇ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਤੇ ਹੋਰ ਕਿਤੇ ਵਿਚਾਰ ਪ੍ਰਗਟ ਕਰਨਾ ਜਾਂ ਕੋਈ ਗਤੀਵਿਧੀ ਕਰਨਾ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਅਫ਼ਵਾਹਾਂ, ਕੂੜ ਪ੍ਰਚਾਰ ਤੇ ਗ਼ਲਤ ਸੂਚਨਾਵਾਂ ਦੇਣ ਦਾ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਸੰਗਠਨ ਨੂੰ ਕਮਜ਼ੋਰ ਕੀਤਾ ਜਾ ਸਕੇ।