
ਮ੍ਰਿਣਨਾਲ ਨੇ 300 ਵਿਚੋਂ 300 ਅੰਕ ਹਾਸਲ ਕਰ ਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ
ਬਠਿੰਡਾ - ਬਠਿੰਡਾ ਦੇ ਮ੍ਰਿਣਾਲ ਗਰਗ ਨੇ ਜੇਈਈ ਮੇਨਜ਼ ਸੈਸ਼ਨ-2 ਦੀ ਦਾਖਲਾ ਪ੍ਰੀਖਿਆ ਦੇ ਨਤੀਜਿਆਂ ਵਿਚ 300 ’ਚੋਂ 300 ਅੰਕ ਹਾਸਲ ਕਰਕੇ ਪੰਜਾਬ ਵਿਚੋਂ ਪਹਿਲਾ ਤੇ ਦੇਸ਼ ਵਿਚੋਂ ਪੰਜਵਾਂ ਰੈਂਕ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲੇ ਛੇ ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿਚ 300 ’ਚੋਂ 300 ਅੰਕ ਪ੍ਰਾਪਤ ਕੀਤੇ ਹਨ ਪਰ ਉਮਰ ਦੇ ਮਾਪਦੰਡ ਅਨੁਸਾਰ ਸਥਾਨਕ ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਮ੍ਰਿਣਾਲ ਗਰਗ ਨੂੰ 5ਵਾਂ ਰੈਂਕ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਮ੍ਰਿਣਾਲ ਨੇ ਜੁਲਾਈ ਵਿਚ ਵੀ ਜੇਈਈ ਮੇਨਜ਼ ਸੈਸ਼ਨ-1 ਦੀ ਪ੍ਰੀਖਿਆ ਵਿਚ 300 ’ਚੋਂ 300 ਅੰਕ ਪ੍ਰਾਪਤ ਕੀਤੇ ਸਨ। ਮ੍ਰਿਣਾਲ ਦੇ ਪਿਤਾ ਚਰਨਜੀਤ ਗਰਗ ਨੇ ਅਪਣੇ ਬੇਟੇ ਬਾਰੇ ਕਿਹਾ, ਇਹ ਕਿਸੇ ਵੀ ਮਾਪਿਆਂ ਲਈ ਸੱਚਮੁੱਚ ਮਾਣ ਵਾਲੀ ਗੱਲ ਹੈ। ਸਾਡੇ ਬੇਟੇ ਨੇ ਪੂਰੇ 300 ਅੰਕ ਪ੍ਰਾਪਤ ਕਰਕੇ ਭਾਰਤ ਵਿਚੋਂ 5ਵਾਂ ਰੈਂਕ ਹਾਸਲ ਕੀਤਾ ਹੈ।
Mrinal Garg
ਮ੍ਰਿਣਾਲ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਦੇ ਖੇਤਰ ਵਿਚ ਆਪਣੀ ਡਿਗਰੀ ਪੂਰੀ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਣਾਲ ਬਚਪਨ ਤੋਂ ਹੀ ਪੜ੍ਹਨ ਲਿਖਣ ਦਾ ਸ਼ੌਕੀਨ ਸੀ ਤੇ ਹਮੇਸ਼ਾ ਆਪਣੀ ਜਮਾਤ ਵਿਚੋਂ ਅੱਵਲ ਆਉਂਦਾ ਰਿਹਾ ਹੈ। ਮ੍ਰਿਣਾਲ ਦੇ ਪਿਤਾ ਸਰਜੀਕਲ ਉਪਕਰਨਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਤੇ ਮਾਤਾ ਰੇਣੂ ਬਾਲਾ ਘਰ ਸੰਭਾਲਦੇ ਹਨ। ਚਰਨਜੀਤ ਗਰਗ ਨੇ ਦੱਸਿਆ ਕਿ ਮ੍ਰਿਣਾਲ ਨੇ ਦਸਵੀਂ ਦੀ ਪ੍ਰੀਖਿਆ ਵਿਚ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ।