
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ਸੁਸਾਇਟੀ ਦਾ ‘ਪ੍ਰਾਜੈਕਟ ਭੂਮੀ’ ਲਾਂਚ
ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵਿਧਾਨ ਸਭਾ ’ਚ ਕੀਤਾ ਜਾਵੇਗਾ ਸਨਮਾਨ : ਸੰਧਵਾਂ
ਪਟਿਆਲਾ, 8 ਅਗੱਸਤ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ਮੈਮੋਰੀਅਲ ਸੁਸਾਇਟੀ ਦੇ ਸਾਂਝੇ ‘ਪ੍ਰਾਜੈਕਟ ਭੂਮੀ’ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨਾਲ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਪ੍ਰੋ. ਅਰਵਿੰਦ, ਖੇਤੀ ਵਿਰਾਸਤ ਮਿਸ਼ਨ ਦੇ ਮੋਢੀ ਓਮੇਂਦਰ ਦੱਤ ਤੇ ਬਿਰਲਾ ਸੁਸਾਇਟੀ ਦੇ ਪੀ.ਸੀ. ਸ੍ਰੀਨਿਵਾਸਨ ਵੀ ਮੌਜੂਦ ਸਨ।
ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸਮਾਰੋਹ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਇਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਸਪੀਕਰ ਨੇ ਪੰਜਾਬ ’ਚ ਵੀ ਆਰਗੈਨਿਕ ਫ਼ਾਰਮਿੰਗ ਬੋਰਡ ਸਥਾਪਤ ਕਰਨ ਦੀ ਵਕਾਲਤ ਕਰਦਿਆਂ ਮਿਲੇਟਸ ਦੀ ਖ਼ਰੀਦ ਦੇ ਉਚੇਚੇ ਪ੍ਰਬੰਧ ਕਰ ਕੇ ਇਨ੍ਹਾਂ ਨੂੰ ਪੌਸ਼ਟਿਕ ਆਹਾਰ ਵਜੋਂ ਮਿਡ ਡੇ ਮੀਲ ਸਕੀਮ ਦਾ ਹਿੱਸਾ ਬਣਾਉਣ ਲਈ ਆਖਿਆ। ਸਪੀਕਰ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਅੰਦਰ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਗੁਰੂਆਂ ਦੇ ਸੁਨੇਹੇ ’ਤੇ ਫੁੱਲ ਚੜ੍ਹਾਏ ਜਾਣ ਦੀ ਆਸ ਜਤਾਉਂਦਿਆਂ ਆਖਿਆ ਕਿ ਪੰਜਾਬੀ, ਉਨ੍ਹਾਂ ਸ਼ਹੀਦਾਂ ਦੇ ਬੱਚੇ ਹਨ, ਜਿਨ੍ਹਾਂ ਨੇ ਮਿੱਟੀ ਵਿਚ ਬੰਦੂਕਾਂ ਉਗਾਈਆਂ ਸਨ। ਝੋਨੇ ਨੂੰ ਪੰਜਾਬ ਲਈ ਇਕ ਸ਼ਰਾਪ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਲੇਟਸ ਦੀ ਖੇਤੀ ਕਰ ਕੇ ਇਸ ਸ਼ਰਾਪ ਤੋਂ ਖਹਿੜਾ ਛੁਡਵਾਇਆ ਜਾ ਸਕਦਾ ਹੈ। ਸੰਧਵਾਂ ਨੇ ਕਿਹਾ ਕਿ ਸਾਲ 2023 ਨੂੰ ਕੌਮਾਂਤਰੀ ਮਿਲੇਟਸ ਵਰ੍ਹੇ ਵਜੋਂ ਮਨਾਉਂਦਿਆਂ ਖੇਤੀ ਵਿਰਾਸਤ ਮਿਸ਼ਨ ਨੂੰ ਨਾਲ ਲੈ ਕੇ ਪੰਜਾਬ ਵਿਚ ਵੀ ਵੱਡੇ ਪੱਧਰ ’ਤੇ ਮੋਟੇ ਅਨਾਜ ਦੀ ਖੇਤੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਰਥਕ ਦਸ਼ਾ ਸੁਧਾਨ ਲਈ ਕੁਦਰਤੀ ਖੇਤੀ ਨੂੰ ਅਪਣੇ ਏਜੰਡੇ ਹੇਠ ਲਿਆਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੰਗੀ ਦੀ ਖੇਤੀ ਦਾ ਤਰਜ਼ਬਾ ਪਹਿਲੇ ਵਰ੍ਹੇ ਹੀ ਸਫ਼ਲ ਰਿਹਾ ਹੈ, ਉਸੇ ਤਰਜ ’ਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਬਦਲ ਵਜੋਂ ਮੋਟੇ ਅਨਾਜ ਦੀ ਖੇਤੀ ਲਈ ਉਤਸ਼ਾਹਤ ਕੀਤਾ ਜਾਵੇਗਾ।
ਖੇਤੀ ਵਿਰਾਸਤ ਮਿਸ਼ਨ ਦੇ ਮੋਢੀ ਓਮੇਂਦਰ ਦੱਤ ਨੇ ਦਸਿਆ ਕਿ ਪ੍ਰਾਜੈਕਟ ਭੂਮੀ ਅਧੀਨ ਪਟਿਆਲਾ, ਸੰਗਰੂਰ, ਬਠਿੰਡਾ ਤੇ ਮੋਗਾ ਜ਼ਿਲ੍ਹਿਆਂ ਦੇ 140 ਪਿੰਡਾਂ ਵਿਚ ਕਰੀਬ 35 ਹਜ਼ਾਰ ਏਕੜ ਰਕਬੇ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਇਸ ਨੂੰ ਕੁਦਰਤੀ ਤਰੀਕੇ ਨਾਲ ਸੰਭਾਲਣ ਦਾ ਉਪਰਾਲਾ ਕੀਤਾ ਜਾਵੇਗਾ। ਐਮ.ਐਲ.ਏ. ਡਾ. ਬਲਬੀਰ ਸਿੰਘ ਨੇ ਧਨਵਾਦ ਕੀਤਾ।
ਇਸ ਮੌਕੇ ਮੰਚ ਸੰਚਾਲਨ ਕੇ.ਵੀ.ਐਮ. ਦੀ ਡਾਇਰੈਕਟਰ ਰੂਪਸੀ ਗਰਗ ਨੇ ਕੀਤਾ। ਜਦਕਿ ਡਾ. ਅਮਰ ਸਿੰਘ ਆਜ਼ਾਦ, ਐਨ.ਐਸ.ਐਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ, ਪੀ.ਸੀ. ਸ੍ਰੀਨਿਵਾਸਨ ਸਮੇਤ ਕੁਦਰਤੀ ਖੇਤੀ ਕਰਦੇ ਕਿਸਾਨਾਂ ਨੇ ਵੀ ਅਪਣੇ ਤਜ਼ਰਬੇ ਸਾਂਝੇ ਕੀਤੇ।
ਫ਼ੋਟੋ ਕੈਪਸ਼ਨ- ਕੁਲਤਾਰ ਸਿੰਘ ਸੰਧਵਾਂ ਅਤੇ ਕੁਲਦੀਪ ਸਿੰਘ ਧਾਲੀਵਾਲ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ਮੈਮੋਰੀਅਲ ਸੁਸਾਇਟੀ ਦੇ ਸਾਂਝੇ ‘ਪ੍ਰਾਜੈਕਟ ਭੂਮੀ’ ਦੀ ਸ਼ੁਰੂਆਤ ਕਰਵਾਉਣ ਦੇ ਸਮਾਰੋਹ ਵਿਚ ਸ਼ਿਰਕਤ ਕਰਦੇ ਹੋਏ।