ਮ੍ਰਿਤਕ ਲੜਕੀ ਦੀ ਪਛਾਣ ਸ੍ਰਿਸ਼ਟੀ ਉਰਫ਼ ਪੂਨਮ ਵਾਸੀ ਦਿੱਲੀ ਵਜੋਂ ਹੋਈ
Zirakpur News : ਦਿੱਲੀ ਤੋਂ ਚੰਡੀਗੜ੍ਹ ਅਤੇ ਹਿਮਾਚਲ ਘੁੰਮਣ ਆਈ ਇੱਕ ਵਿਆਹੁਤਾ ਦੀ ਜ਼ੀਰਕਪੁਰ ਦੇ ਇਕ ਹੋਟਲ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਸੂਚਨਾ ਮਿਲਦੇ ਹੀ ਥਾਣਾ ਢਕੋਲੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕ ਲੜਕੀ ਦੀ ਪਛਾਣ ਸ੍ਰਿਸ਼ਟੀ ਉਰਫ਼ ਪੂਨਮ ਵਾਸੀ ਦਿੱਲੀ ਵਜੋਂ ਹੋਈ ਹੈ।
ਢਕੋਲੀ ਥਾਣਾ ਇੰਚਾਰਜ ਗੁਰਮੇਹਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ੍ਰਿਸ਼ਟੀ ਆਪਣੇ ਪਤੀ ਅਤੇ ਹੋਰ ਜੋੜਿਆਂ ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਘੁੰਮਣ ਆਈ ਸੀ। ਜ਼ੀਰਕਪੁਰ-ਪੰਚਕੂਲਾ ਹਾਈਵੇ 'ਤੇ ਸਥਿਤ ਢਕੋਲੀ ਹੋਟਲ 'ਚ ਕਮਰਾ ਬੁੱਕ ਕਰਵਾਇਆ ਸੀ।
ਤਬੀਅਤ ਖ਼ਰਾਬ ਹੋਣ ਕਾਰਨ ਉਸ ਦੇ ਦੋਸਤ ਉਸ ਨੂੰ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ। ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਪਰੰਤੂ ਤਬੀਅਤ ਖ਼ਰਾਬ ਹੋਣ ਕਾਰਨ ਉਹ ਸਵੇਰੇ ਕਰੀਬ ਬਾਲਕੋਨੀ ਵਿੱਚ ਆ ਗਈ, ਜਿੱਥੇ ਚੱਕਰ ਆਉਣ ਕਾਰਨ ਉਹ ਥੱਲੇ ਡਿੱਗ ਗਈ।
ਪੁਲਿਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ੍ਰਿਸ਼ਟੀ ਨੂੰ ਵੀ ਇੱਕ ਦਿਨ ਪਹਿਲਾਂ ਚੱਕਰ ਆਉਣ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸੋਮਵਾਰ ਸਵੇਰੇ ਸ੍ਰਿਸ਼ਟੀ ਨੂੰ ਫਿਰ ਚੱਕਰ ਆਇਆ ਤਾਂ ਉਹ ਉੱਠ ਕੇ ਦੂਜੀ ਮੰਜ਼ਿਲ 'ਤੇ ਸਥਿਤ ਕਮਰੇ ਦੀ ਬਾਲਕੋਨੀ 'ਤੇ ਬੈਠ ਗਈ।
ਇਸ ਦੌਰਾਨ ਪਤੀ ਰਿਤਿਕ ਹੋਰ ਜੋੜਿਆਂ ਨਾਲ ਰੈਸਟੋਰੈਂਟ 'ਚ ਨਾਸ਼ਤਾ ਕਰਨ ਗਿਆ ਸੀ। ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਜਿਵੇਂ ਹੀ ਉਸਨੂੰ ਚੰਗਾ ਲੱਗੇ, ਉਹ ਹੇਠਾਂ ਆ ਕੇ ਨਾਸ਼ਤਾ ਕਰ ਲਵੇ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਸ੍ਰਿਸ਼ਟੀ ਹੋਟਲ ਦੇ ਪਿਛਲੇ ਪਾਸੇ ਸਥਿਤ ਕਾਲੋਨੀ ਵਾਲੀ ਗਲੀ 'ਚ ਬਾਲਕੋਨੀ ਤੋਂ ਅਚਾਨਕ ਹੇਠਾਂ ਡਿੱਗ ਗਈ। ਜਿਵੇਂ ਹੀ ਰਿਤਿਕ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸ੍ਰਿਸ਼ਟੀ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਨੇ ਮ੍ਰਿਤਕ ਸ੍ਰਿਸ਼ਟੀ ਦੇ ਪਤੀ ਰਿਤਿਕ ਦੇ ਬਿਆਨ ਦਰਜ ਕਰਨ ਤੋਂ ਬਾਅਦ ਦਿੱਲੀ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ, ਜੋ ਦੇਰ ਸ਼ਾਮ ਜ਼ੀਰਕਪੁਰ ਪਹੁੰਚੇ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।