
ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਤੇ ਬੀੜੀ ਪੀਣ ਤੋਂ ਰੋਕਣ ਕਾਰਨ ਹੋਏ ਝਗੜੇ 'ਚ ਨੌਜਵਾਨ ਦਾ ਕਤਲ
ਇਕ ਮੁਲਜ਼ਮ ਕਾਬੂ, ਦੋ ਨਿਹੰਗ ਸਿੰਘਾਂ ਦੀ ਭਾਲ ਜਾਰੀ
ਜਾਣਕਾਰਾਂ ਵਲੋਂ ਦਾਅਵਾ ਕਿ ਹਰਮਨਜੀਤ ਸਿੰਘ ਕਦੇ ਸਿਗਰਟ ਬੀੜੀ ਨੂੰ ਹੱਥ ਵੀ ਨਹੀਂ ਸੀ ਲਾਉਂਦਾ ਤੇ ਉਸ ਦੇ ਕਤਲ ਪਿੱਛੇ ਕਾਰਨ ਕੋਈ ਹੋਰ ਹੈ
ਅੰਮਿ੍ਤਸਰ, 8 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਗਲੀ ਵਿਚ ਤਮਾਕੂ ਚਬਾਉਣ ਕਾਰਨ ਦੋ ਨਿਹੰਗ ਸਿੱਖਾਂ ਸਮੇਤ ਤਿੰਨ ਵਿਅਕਤੀਆਂ ਵਲੋਂ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਗਿਆ | ਮੁਲਜ਼ਮਾਂ ਵਿਚੋਂ ਇਕ ਰਮਨਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੋ ਨਿਹੰਗ ਸਿੱਖਾਂ ਦੀ ਭਾਲ ਜਾਰੀ ਹੈ | ਮਿ੍ਤਕ ਦੀ ਸ਼ਨਾਖਤ ਹਰਮਨਜੀਤ ਸਿੰਘ (30 ਸਾਲ) ਵਾਸੀ ਪਿੰਡ ਚਾਟੀਵਿੰਡ ਵਜੋਂ ਹੋਈ ਹੈ |
ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਘਟਨਾ ਅੱਧੀ ਰਾਤ ਨੂੰ ਵਾਪਰੀ | ਪੀੜਤ ਹਰਮਨਜੀਤ ਸਿੰਘ ਤਮਾਕੂ ਖਾ ਰਿਹਾ ਸੀ ਅਤੇ ਸ਼ਰਾਬ ਪੀ ਰਿਹਾ ਸੀ ਜਦੋਂ ਨਿਹੰਗ ਸਿੰਘਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਝਗੜਾ ਮਿੰਟਾਂ ਵਿਚ ਹੀ ਵਧ ਗਿਆ ਅਤੇ ਨੌਜਵਾਨ ਨੂੰ ਕਤਲ ਕਰ ਦਿਤਾ ਗਿਆ | ਇਹ ਘਟਨਾ ਇਕ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਅੱਜ ਸਵੇਰੇ ਪਤਾ ਲੱਗਣ ਤਕ ਲਾਸ਼ ਰਾਤ ਭਰ ਨਾਲੀ ਦੇ ਕੋਲ ਗਲੀ ਵਿਚ ਪਈ ਰਹੀ | ਪੁਲਿਸ ਦੁਆਰਾ ਸਾਂਝੀ ਕੀਤੀ ਗਈ ਦੋ ਮਿੰਟ ਦੀ ਸੀਸੀਟੀਵੀ ਫੁਟੇਜ ਵਿਚ ਨਿਹੰਗਾਂ ਵਿਚੋਂ ਇਕ ਨੇ ਅਪਣੀ ਤਲਵਾਰ ਕੱਢਣ ਤੋਂ ਪਹਿਲਾਂ ਜ਼ੁਬਾਨੀ ਝਗੜਾ ਹੁੰਦਾ ਹੈ | ਇਸ ਮੌਕੇ ਮਿ੍ਤਕ ਨਿਹੰਗਾਂ ਨੂੰ ਧੱਕਾ ਦਿੰਦਾ ਹੈ ਅਤੇ ਪੈਦਲ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ ਦੋ ਨਿਹੰਗਾਂ ਨੇ ਉਸ ਨੂੰ ਫੜ ਲਿਆ ਅਤੇ ਕਾਬੂ ਕਰ ਲਿਆ ਅਤੇ ਇਕ ਤੀਸਰਾ ਵਿਅਕਤੀ ਹਮਲੇ ਵਿਚ ਸ਼ਾਮਲ ਹੁੰਦਾ ਹੈ ਅਤੇ ਪੀੜਤ ਉਤੇ ਛੁਰਾ ਮਾਰਦਾ ਦਿਖਾਈ ਦਿੰਦਾ ਹੈ | ਥਾਣਾ ਬੀ ਡਵੀਜ਼ਨ ਦੇ ਐਸਐਚਓ ਮੁਤਾਬਕ ਮਿ੍ਤਕ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਵਾਰ ਦੇ ਨਿਸ਼ਾਨ ਹਨ ਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਉਧਰ ਹਰਮਨਜੀਤ ਨੂੰ ਜਾਣਨ ਵਾਲਿਆਂ ਨੇ ਦਾਅਵਾ ਕੀਤਾ ਕਿ ਹਰਮਨਜੀਤ ਸਿੰਘ ਨੇ ਕਦੇ ਬੀੜੀ ਸਿਗਰਟ ਨੂੰ ਹੱਥ ਵੀ ਨਹੀਂ ਸੀ ਲਾਇਆ ਤੇ ਉਸ ਦੇ ਕਤਲ ਦਾ ਕਾਰਨ ਕੋਈ ਹੋਰ ਹੈ |