
ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ, ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ
ਸਬੰਧਤ ਕਿਸਾਨਾਂ ਦੇ ਖਾਤਿਆਂ ਵਿਚ 75 ਕਰੋੜ ਰੁਪਏ ਦੀ ਆਖ਼ਰੀ ਕਿਸ਼ਤ ਜਮ੍ਹਾਂ
ਚੰਡੀਗੜ੍ਹ, 8 ਸਤੰਬਰ (ਭੁੱਲਰ): ਗੰਨਾ ਕਾਸ਼ਤਕਾਰਾਂ ਨਾਲ ਕੀਤੇ ਅਪਣੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਾਮਿਸਾਲ ਕਦਮ ਚੁਕਦਿਆਂ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕਰ ਦਿਤੇ ਤੇ ਉਨ੍ਹਾਂ ਦੇ ਖਾਤਿਆਂ ਵਿਚ 75 ਕਰੋੜ ਰੁਪਏ ਆਖ਼ਰੀ ਕਿਸ਼ਤ ਵਜੋਂ ਜਮ੍ਹਾਂ ਕਰਵਾ ਦਿਤੇ | ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਨੇ 7 ਸਤੰਬਰ, 2022 ਨੂੰ ਗੰਨਾ ਕਿਸਾਨਾਂ ਨੂੰ ਅਦਾਇਗੀ ਵਜੋਂ 75 ਕਰੋੜ ਰੁਪਏ ਸ਼ੂਗਰਫ਼ੈੱਡ, ਪੰਜਾਬ ਰਾਹੀਂ ਜਾਰੀ ਕਰ ਦਿਤੇ ਹਨ | ਉਨ੍ਹਾਂ ਦਸਿਆ ਕਿ ਅੱਜ ਸਬੰਧਤ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਇਹ ਰਕਮ ਜਮ੍ਹਾਂ ਕਰਵਾ ਦਿਤੀ ਗਈ ਹੈ | ਭਗਵੰਤ ਮਾਨ ਨੇ ਕਿਹਾ ਕਿ ਇਸ ਅਦਾਇਗੀ ਤੋਂ ਬਾਅਦ ਅਜਨਾਲਾ, ਬਟਾਲਾ, ਬੁੱਢੇਵਾਲ, ਭੋਗਪੁਰ, ਫਾਜ਼ਿਲਕਾ, ਗੁਰਦਾਸਪੁਰ, ਮੋਰਿੰਡਾ, ਨਕੋਦਰ ਅਤੇ ਨਵਾਂਸਹਿਰ ਵਲ ਗੰਨਾ ਕਾਸ਼ਤਕਾਰਾਂ ਦਾ ਕੋਈ ਬਕਾਇਆ ਨਹੀਂ ਬਚਿਆ ਹੈ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਕਾਇਆ ਅਦਾਇਗੀਆਂ ਪਿੜਾਈ ਸੀਜ਼ਨ 2021-22 ਨਾਲ ਸਬੰਧਤ ਹਨ ਅਤੇ ਪਹਿਲੀ ਦਫਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕੀਤੇ ਗਏ ਹਨ | ਉਨ੍ਹਾਂ ਆਖਿਆ ਕਿ 75 ਕਰੋੜ ਰੁਪਏ ਦੀ ਇਸ ਅਦਾਇਗੀ ਨਾਲ ਸੂਬੇ ਦੀਆਂ ਸਹਿਕਾਰੀ ਖੰਡ ਮਿਲਾਂ ਨੇ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਭੁਗਤਾ ਦਿਤੇ ਹਨ |