
ਆਨਲਾਈਨ ਸਿਖਲਾਈ ਪ੍ਰੋਗਰਾਮਾਂ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਲਵੋ : ਬਾਜਵਾ
ਚੰਡੀਗੜ੍ਹ, 8 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਨੇ ਲੋਕ ਸੇਵਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਹਰ ਵਿਭਾਗ ਵਿਚ ਆਨਲਾਈਨ ਵਿਧੀ ਲਾਗੂ ਕੀਤੀ ਹੈ। ਇਸ ਦੇ ਚਲਦਿਆਂ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਡੇਅਰੀ ਫਾਰਮਰਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਅਤੇ ਸ਼ਿਖਲਾਈ ਪ੍ਰੋਗਰਾਮ ਆਨਲਾਈਨ ਸ਼ੁਰੂ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਆਿਂ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਜਿਥੇ ਦੇਸ਼ ਦੀ ਅਰਥ ਵਿਵਸਥਾ ਉੱਤੇ ਮਾੜਾ ਅਸਰ ਪਿਆ ਹੈ ਉਥੇ ਸਰਕਾਰੀ ਗਤੀਵਿਧੀਆਂ ਵਿਚ ਵੀ ਖੜੌਤ ਆਈ ਹੈ। ਜਿਸ ਦਾ ਅਸਰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਪ੍ਰੋਗਰਾਮਾਂ ਉੱਤੇ ਵੀ ਪਿਆ ਹੈ। ਇਸ ਖੜੌਤ ਨੂੰ ਤੋੜਨ ਲਈ ਹੁਣ ਡੇਅਰੀ ਵਿਕਾਸ ਵਿਭਾਗ ਨੇ ਆਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਜਿਸ ਦੇ ਤਹਿਤ 19 ਅਕਤੂਬਰ, 2020 ਤੋਂ 30 ਅਕਤੂਬਰ ਤਕ ਦੁਧ ਉਤਪਾਦਕਾਂ ਅਤੇ ਡੇਅਰੀ ਫ਼ਾਰਮਰਾਂ ਨੂੰ ਘਰੇ ਬੈਠੇ ਹੀ ਆਨ-ਲਾਈਨ ਸਿਖਲਾਈ ਦੇਣ ਲਈ ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਕਰਨੈਲ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਦਸਿਆ ਕਿ ਦੱਧ ਉਤਪਾਦਕਾਂ ਨੂੰ ਆਨਲਾਈਨ ਸਿਖਲਾਈ ਦੇਣ ਲਈ ਵਿਭਾਗ ਵਲੋਂ 15 ਪ੍ਰੋਗਰਾਮ ਚਲਾਏ ਜਾਣਗੇ, ਜਿਸ ਦੇ ਤਹਿਤ 19 ਅਕਤੂਬਰ ਤੋਂ ਸ਼ੂਰੂ ਹੋ ਰਹੇ ਇਸ ਦੋ ਹਫ਼ਤੇ ਦੇ ਆਨਲਾਈਨ ਪ੍ਰੋਗਰਾਮ ਦੌਰਾਨ ਦੁਧਾਰੂ ਪਸ਼ੂਆਂ ਦੀ ਖ਼ਰੀਦ ਤੋਂ ਲੈ ਕੇ ਰੱਖ ਰਖਾਉ, ਖ਼ਾਦ ਖ਼ੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ। ਇਸ ਤੋਂ ਇਲਾਵਾ ਇੰਨਾਂ ਸਿਖਲਾਈ ਪ੍ਰੋਗਰਾਮ ਵਿਚ ਵਿਭਾਗ ਵਲੋਂ ਪਸ਼ੂ ਖ਼ਰੀਦਣ ਲਈ ਕਰਜ਼ੇ ਦੀ ਸਹੂਲਤ, ਪਸ਼ੂਆਂ ਦੇ ਸੁਚੱਜੇ ਸੈਡ, ਸਿੰਗਲ ਰੋਅ ਫੌਡਰ ਹਾਰਵੈਸਟਰ, ਸੈਲਫ਼ ਪ੍ਰੋਪੈਲਡ ਫ਼ੌਰੇਜ਼ ਕਟਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੁਨਿਟ, ਆਟੋਮੈਟਿਕ ਸਾਈਲੇਜ਼ ਬੇਲਰ ਕਮ ਰੈਪਰ ਮਸੀਨ ਦੀ ਖ਼ਰੀਦ ਤੇ ਸਬਸਿਡੀ ਦੀ ਸਹੂਲਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
image