
ਕੇਂਦਰ ਸਰਕਾਰ ਦੀਆਂ ਮਾੜੀਆਂ ਆਰਥਕ ਨੀਤੀਆਂ ਸਦਕਾ ਅਸਮਾਨ ਛੂੰਹਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ : ਸੁਖਜਿੰਦਰ ਰੰਧਾਵਾ
ਚੰਡੀਗੜ੍ਹ, 8 ਅਕਤੂਬਰ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਦੀਆਂ ਮਾੜੀਆਂ ਆਰਥਕ ਨੀਤੀਆਂ ਸਦਕਾ ਨਿਤ ਦਿਨ ਅਸਮਾਨ ਛੂੰਹਦੀ ਮਹਿੰਗਾਈ ਦੇ ਮੁੱਦੇ ਉਤੇ ਐਨ.ਡੀ.ਏ. ਸਰਕਾਰ ਨੂੰ ਆੜੇ ਹੱਥੀਂ ਲਿਆ।
ਬਿਆਨ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ’ਚ ਐਲ.ਪੀ.ਜੀ. ਗੈਸ ਦੀ ਕੀਮਤ ਵਿਚ 300 ਰੁਪਏ ਦੇ ਵਾਧੇ ਨੇ ਆਮ ਲੋਕਾਂ ਦਾ ਲੱਕ ਹੀ ਤੋੜ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਵੀ ਉਸ ਸਮੇਂ ਦੌਰਾਨ ਕੀਤਾ ਹੈ ਜਦੋਂ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨ ਸੰਕਟ ਵਿਚ ਹਨ ਅਤੇ ਕੋਵਿਡ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਝੰਬੀ ਅਰਥ ਵਿਵਸਥਾ ਨਾਲ ਹਰ ਵਰਗ ਆਰਥਕ ਦੁਸ਼ਵਾਰੀਆਂ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਇਹ ਵਾਧਾ ਹੋਰ ਵੀ ਮਾਰੂ ਹੈ ਕਿਉਂਕਿ ਇਸ ਨਾਲ ਦੇਸ਼ ਦੇ ਹਰ ਵਰਗ ਦਾ ਪਰਵਾਰ ਜੁੜਿਆ ਹੈ। ਸ. ਰੰਧਾਵਾ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿਚ ਘਰੇਲੂ ਗੈਸ ਸਿਲੰਡਰ ਦੀ ਕੀਮਤ 600 ਰੁਪਏ ਦੇ ਕਰੀਬ ਸੀ ਜਿਸ ਵਿਚ ਕੇਂਦਰ ਸਰਕਾਰ ਲਗਾਤਾਰ ਵਾਧਾ ਕਰਦੀ ਹੋਈ ਹੁਣ 900 ਰੁਪਏ ਉਤੇ ਲੈ ਆਈ।
ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿਚ ਗੈਸ ਸਿਲੰਡਰ ਦੀ ਕੀਮਤ ਦੋਗੁਣੀ ਤੋਂ ਵੱਧ ਕਰ ਦਿਤੀ ਹੈ। ਮਈ 2014 ਵਿਚ ਇਹ ਕੀਮਤ 400 ਰੁਪਏ ਦੇ ਕਰੀਬ ਸੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਗੈਸ ਸਿਲੰਡਰ ਨਹੀਂ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਵੀ ਪਿਛਲੇ ਸੱਤ ਸਾਲਾਂ ਵਿਚ ਅਥਾਹ ਵਾਧਾ ਹੋਇਆ ਹੈ ਜਿਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿਤਾ।
ਸ. ਰੰਧਾਵਾ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਉਤੇ ਚੁਟਕੀ ਲੈਂਦਿਆਂ ਆਖਿਆ ਕਿ ਯੂ.ਪੀ.ਏ. ਸਰਕਾਰ ਵੇਲੇ ਤੇਲ ਜਾਂ ਗੈਸ ਸਿਲੰਡਰ ਦੀ ਕੀਮਤ ਵਿਚ ਮਾਮੂਲੀ ਵਾਧੇ ਉਤੇ ਆਪੇ ਤੋਂ ਬਾਹਰ ਹੋਣ ਵਾਲੇ ਭਾਜਪਾ ਆਗੂ ਅੱਜ ਲੱਕ ਤੋੜ ਮਹਿੰਗਾਈ ਦੇ ਦੌਰ ਵਿਚ ਚੁੱਪ ਕਿਉਂ ਹਨ?
ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਆਰਥਕ ਨੀਤੀਆਂ ਨਾਲ ਅੱਜ ਪੂਰਾ ਦੇਸ਼ ਐਨ.ਡੀ.ਏ. ਸਰਕਾਰ ਨੂੰ ਕੋਸ ਰਿਹਾ ਹੈ।
ਐਸਏਐਸ-ਨਰਿੰਦਰ-8-2