
ਮ੍ਰਿਤਕ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਦਰਜ ਸੀ ਮਾਮਲਾ
ਅੰਮ੍ਰਿਤਸਰ : ਸ਼ਹਿਰ ਵਿੱਚ ਸ਼ਨੀਵਾਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਖ਼ਿਲਾਫ਼ ਪਹਿਲਾਂ ਹੀ ਐਨਡੀਪੀਐਸ ਕੇਸ ਦਰਜ ਸੀ, ਜਿਸ ਕਾਰਨ ਪੁਲਿਸ ਇਸ ਕਤਲ ਕੇਸ ਨੂੰ ਨਸ਼ੇ ਜਾਂ ਪੈਸੇ ਦੇ ਲੈਣ-ਦੇਣ ਨਾਲ ਜੋੜ ਰਹੀ ਹੈ।
ਇਹ ਕਤਲ ਮਕਬੂਲਪੁਰਾ ਇਲਾਕੇ ਦੀ 13 ਨੰਬਰ ਗਲੀ ਵਿੱਚ ਹੋਇਆ। ਮ੍ਰਿਤਕ ਦੀ ਪਛਾਣ 25 ਸਾਲਾ ਸਾਹਿਲਪ੍ਰੀਤ ਵਜੋਂ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਹਿਲ ਆਪਣੇ ਘਰ ਦੇ ਬਾਹਰ ਸੀ ਜਦੋਂ ਦੋਸ਼ੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੁਆਂਢੀਆਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਜਿਸ ਦੇ ਚਲਦੇ ਪੁਲਿਸ ਇਸ ਨੂੰ ਪੁਰਾਣੀ ਦੁਸ਼ਮਣੀ, ਪੈਸਿਆਂ ਦੇ ਲੈਣ-ਦੇਣ ਜਾਂ ਨਸ਼ਿਆਂ ਨਾਲ ਜੋੜ ਕੇ ਦੇਖ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।