
ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਾਂ ਨਾਲ ਸਹਿਮਤੀ ਜਤਾਈ ਗਈ ਹੈ ਪਰ ਮੰਗਾਂ ਲਾਗੂ ਹੋਣ ਤੱਕ ਧਰਨਾ ਜਾਰੀ ਰਹੇਗਾ।
ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਹਾਇਸ਼ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਭਰ ਦੇ ਲੱਖਾਂ ਕਿਸਾਨਾਂ ਵਲੋਂ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨ ਆਪਣੇ ਖਾਣ ਪੀਣ ਤੇ ਰਹਿਣ ਸਹਿਣ ਲਈ ਟਰਾਲੀਆਂ ਚ ਪੂਰਾ ਪ੍ਰਬੰਧ ਕਰ ਕੇ ਆਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਨੇ ਮੁਲਾਕਾਤ ਕੀਤੀ ਸੀ ਜੋ ਤਕਰੀਬਨ ਢਾਈ ਘੰਟੇ ਚੱਲੀ। ਇਸ ਮੀਟਿੰਗ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਸਨ ਜਿਨ੍ਹਾਂ ਨੂੰ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਜਲਦ ਹੀ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਪਰ ਫਿਰ ਵੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮੰਗਾਂ ਲਾਗੂ ਹੋਣ ਤੱਕ ਉਨ੍ਹਾਂ ਵੱਲੋਂ ਪੱਕਾ ਮੋਰਚਾ ਲਗਾਇਆ ਜਾਵੇਗਾ।
ਕਿਸਾਨਾਂ ਦੀ ਮੰਗ ਹੈ ਕਿ ਪਿਛਲੇ ਤੇ ਐਤਕੀ ਸਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸਰਕਾਰ ਦੇਵੇ। ਕਿਸਾਨਾਂ ਨੂੰ ਹਰ ਸਾਲ ਗੁਲਾਬੀ ਸੁੰਡੀ, ਨਕਲੀ ਦਵਾਈਆਂ ਤੇ ਬੀਜਾਂ, ਮਾਰੂ ਰੋਗਾਂ, ਗੜੇਮਾਰੀ ਤੇ ਭਾਰੀ ਮੀਹਾਂ ਦੀ ਮਾਰ ਝੱਲਣੀ ਪੈਂਦੀ ਹੈ। ਇਸ ਤੋਂ ਇਲਾਵਾਂ ਪਰਾਲੀ ਸਾੜਨ ਲਈ ਮਜਬੂਰ ਕਿਸਾਨਾਂ 'ਤੇ ਕੀਤੇ ਗਏ ਕੇਸ ਵਾਪਸ ਲਏ ਜਾਣ। ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਵਾਸਤੇ ਕਿਸਾਨਾਂ ਦੀ ਜ਼ਬਤ ਕੀਤੀਆਂ ਜਾ ਰਹੀਆਂ ਜ਼ਮੀਨਾਂ ਦਾ ਮੁਆਵਾਜ਼ਾ ਕਿਸਾਨਾਂ ਦੀ ਸਹਿਮਤੀ ਅਨੁਸਾਰ ਹੀ ਕਿਸਾਨਾਂ ਨੂੰ ਦਿੱਤਾ ਜਾਵੇ।
ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਪ੍ਰਦੂਸ਼ਣ ਦਾ ਗੜ੍ਹ ਬਣੀ ਜ਼ੀਰਾ ਫੈਕਟਰੀ ਬਾਰੇ ਵੀ ਮੰਗ ਰੱਖੀ ਗਈ ਕਿ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਫ਼ਸਲੀ ਚੱਕਰ ਤੇ ਐਮ. ਐੱਸ. ਪੀ ਨੂੰ ਲੈ ਕੇ ਵੀ ਕਿਸਾਨਾਂ ਵੱਲੋਂ ਮੀਟਿੰਗ ਵਿੱਚ ਮੰਗਾਂ ਰੱਖੀਆ ਗਈਆਂ ਸਨ। ਜਿਹੜੀਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਨ੍ਹਾਂ ਮੰਗਾਂ 'ਤੇ ਸਹਿਮਤੀ ਜਤਾਈ ਗਈ ਸੀ ਪਰ ਕਿਸਾਨਾਂ ਵੱਲੋਂ ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਗਿਆ ਹੈ।