
ਹੱਕੀ ਮੰਗਾਂ ਲਈ ਬੇਰੁਜ਼ਗਾਰ ਅਧਿਆਪਕ ਕਰੇ ਰਹੇ ਹਨ ਪ੍ਰਦਰਸ਼ਨ
ਸੰਗਰੂਰ: ਹੱਕੀ ਮੰਗਾਂ ਲਈ ਬੇਰੁਜ਼ਗਾਰ ਈ.ਟੀਟੀ ਅਧਿਆਪਕਾਂ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿਛਲੇ ਇੱਕ ਹਫਤੇ ਤੋਂ ਸੰਗਰੂਰ ਵਿਖੇ ਡੀਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਮਰਨ ਵਰਤ 'ਤੇ ਬੈਠੇ ਹੋਏ ਸਨ ਅਤੇ ਅੱਜ ਦਿਨ ਸਵੇਰੇ ਹੀ ਸੁਰਿੰਦਰਪਾਲ ਗੁਰਦਾਸਪੁਰ ਅਤੇ ਰਵੀ ਕੁਮਾਰ ਕਟਾਰੂਚੱਕ ਸਰਕਾਰੀ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ 'ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਹਨ ਅਤੇ ਅਪਣਾ ਮਰਨ ਵਰਤ ਅੱਜ ਅੱਠਵੇਂ ਦਿਨ ਵਿਚ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੰਗਰੂਰ ਪ੍ਰਸ਼ਾਸਨ ਲਗਾਤਾਰ ਸਾਡੀਆਂ ਮੰਗਾਂ ਨੂੰ ਠੰਢੇ ਬਸਤੇ ਵਿੱਚ ਪਾ ਰਿਹਾ ਸੀ ਜਿਸ ਕਰਕੇ ਅੱਜ ਮਜ਼ਬੂਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਪਹਿਲਾਂ ਸੰਗਰੂਰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਸੀ ਕਿ ਈਟੀਟੀ 2364 ਭਰਤੀ ਲਈ ਪਹਿਲਾਂ ਦੋ ਵਾਰ ਹਲਫ਼ਨਾਮਾ ਤਿਆਰ ਕੀਤਾ ਗਿਆ ਪਰ ਦੋਵੋ ਵਾਰ ਰਿਜੈਕਟ ਹੋ ਚੁੱਕਾ ਹੈ ਹੁਣ ਤੀਸਰੀ ਵਾਰ ਹਲਫ਼ਨਾਮਾ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਨੇ ਇਕ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਕਿ ਸਾਡੀ ਈਟੀਟੀ 2364 ਅਧਿਆਪਕਾਂ ਦੀ ਕੋਰਟ ਕੇਸ ਪ੍ਰਤੀ ਸਾਡੀ ਨੀਅਤ ਸਾਫ਼ ਹੈ। ਜੇਕਰ ਪੰਜਾਬ ਸਰਕਾਰ ਦੀ ਇਸ ਭਰਤੀ ਲਈ ਨੀਅਤ ਸਾਫ਼ ਹੈ ਤਾਂ ਫ਼ਿਰ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਿਉਂ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਹਲਫ਼ਨਾਮਾ ਤਿਆਰ ਕਰਨ ਲਈ ਯੋਗ ਅਧਿਕਾਰੀਆਂ ਨੂੰ ਲਗਾਇਆ ਜਾਵੇ ਅਤੇ ਇੱਕ ਦੋ ਦਿਨਾਂ ਵਿਚ ਹੀ ਹਲਫ਼ਨਾਮਾ ਦਾਇਰ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਵਿਰੁੱਧ ਹੋਰ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆਂ ਜਾਂਦੀਆਂ ਉਦੋਂ ਤੱਕ ਇਹ ਮਰਨ ਵਰਤ ਖਤਮ ਨਹੀਂ ਕੀਤਾ ਜਾਵੇਗਾ।